ਚਤਰ ਸਿੰਘ, ਬੁਢਲਾਡਾ : ਕੇਂਦਰ ਸਰਕਾਰ ਵੱਲੋਂ ਖੇਤੀ ਆਰਡੀਨੈਂਸ ਸੰਸਦ 'ਚ ਪੇਸ਼ ਕਰਨ ਤੋਂ ਬਾਅਦ ਕਿਸਾਨਾਂ ਦਾ ਕੇਂਦਰ ਸਰਕਾਰ ਪ੍ਰਤੀ ਗੁੱਸਾ ਬਰਕਰਾਰ ਹੈ ਅਤੇ ਰੋਹ ਦਿਨੋ-ਦਿਨ ਵਧਦਾ ਜਾ ਰਿਹਾ ਹੈ । ਇਸੇ ਸਿਲਸਿਲੇ ਤਹਿਤ ਪਿੰਡ ਹਸਨਪੁਰ, ਦੋਦੜਾ, ਅਹਿਮਦਪੁਰ ਆਦਿ ਪਿੰਡਾਂ 'ਚ ਕੇਂਦਰ ਸਰਕਾਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਤਲੇ ਫੂਕੇ ਗਏ। ਹਸਨਪੁਰ ਵਿਖੇ ਪੰਚਾਇਤ ਯੂਨੀਅਨ ਬਲਾਕ ਬੁਢਲਾਡਾ ਦੇ ਪ੍ਰਧਾਨ ਅਤੇ ਪਿੰਡ ਦੇ ਸਰਪੰਚ ਸੂਬੇਦਾਰ ਭੋਲਾ ਸਿੰਘ ਦੀ ਅਗਵਾਈ ਹੇਠ ਪ੍ਰਧਾਨ ਮੰਤਰੀ ਮੋਦੀ ਦੀ ਅਰਥੀ ਫੂਕੀ ਗਈ।

ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕਿਸਾਨ, ਆੜ੍ਹਤੀਆਂ ਅਤੇ ਮਜ਼ਦੂਰ ਵਿਰੋਧੀ ਕਾਨੂੰਨ ਲਾਗੂ ਕਰਨ ਨਾਲ ਹਰ ਵਰਗ ਇਸ ਦੀ ਮਾਰ ਹੇਠ ਆਵੇਗਾ। ਉਨ੍ਹਾਂ ਕਿਹਾ ਕਿ ਇਹ ਬਿੱਲ ਸਿਰਫ ਕਿਸਾਨ ਵਿਰੋਧੀ ਹੀ ਨਹੀਂ ਸਗੋਂ ਮਜ਼ਦੂਰ, ਆੜ੍ਹਤੀਆਂ, ਟਰਾਂਸਪੋਰਟਰ ਅਤੇ ਹੋਰਨਾਂ ਵਰਗਾਂ ਦੇ ਵੀ ਵਿਰੋਧੀ ਆਰਡੀਨੈਂਸ ਹਨ ਜਿਸਦੇ ਲਾਗੂ ਹੋਣ ਨਾਲ ਖੁੱਲ੍ਹੀ ਮੰਡੀ ਦਾ ਪ੍ਰਸਤਾਵ ਰੱਖਿਆ ਗਿਆ ਹੈ ,ਅਜਿਹਾ ਹੋਣ 'ਤੇ ਜਿੱਥੇ ਐੱਮਐੱਸਪੀ ਦਾ ਹੌਲੀ ਹੌਲੀ ਖ਼ਾਤਮਾ ਹੋ ਜਾਵੇਗਾ ਉਥੇ ਇਸ ਆਰਡੀਨੈਂਸ ਨਾਲ ਮੰਡੀ ਬੋਰਡ ਵੀ ਖ਼ਤਮ ਹੋ ਜਾਵੇਗਾ, ਜਿਸ ਕਰਕੇ ਲੋਕਾਂ ਦੀਆਂ ਸਹੂਲਤਾਂ ਲਿੰਕ ਸੜਕਾਂ, ਮੰਡੀਆਂ ਦੇ ਫੜ੍ਹ ,ਦਿਹਾੜੀ ਅਤੇ ਵੱਡੀ ਪੱਧਰ ਤੇ ਮੰਡੀ ਬੋਰਡ ਦੇ ਕਰਮਚਾਰੀਆਂ ਨੂੰ ਨੌਕਰੀ ਤੋਂ ਹੱਥ ਧੋਣੇ ਪੈਣਗੇ।ਵੱਡੇ ਵੱਡੇ ਕਾਰਪੋਰੇਟ ਘਰਾਣੇ ਮੰਡੀਆਂ ਚੋ ਆਪਣੇ ਮਨਮਰਜੀ ਦੇ ਰੇਟਾਂ ਤਹਿਤ ਫਸਲਾਂ ਦੀ ਖਰੀਦ ਕਰਨਗੇ ਕਿਸਾਨ-ਮਜਦੂਰ ਅੰਬਾਨੀ-ਅੰਡਾਨੀ ਦੇ ਮੁਜਰੇ ਬਣ ਕੇ ਰਹਿ ਜਾਣਗੇ। ਰਾਮਲਾਲ ਸਿੰਘ ਪੰਚ, ਹਰਬੰਸ ਸਿੰਘ, ਸੱਤਪਾਲ ਸਿੰਘ, ਮਿੱਠੂ ਸਿੰਘ ਨੰਬਰਦਾਰ ਮੌਜੂਦ ਸਨ।