ਚਤਰ ਸਿੰਘ, ਬੁਢਲਾਡਾ

ਕੇਂਦਰ ਸਰਕਾਰ ਵੱਲੋਂ ਕਿਸਾਨ, ਆੜ੍ਹਤੀਆਂ ਅਤੇ ਮਜ਼ਦੂਰ ਵਿਰੋਧੀ ਕਾਨੂੰਨ ਲਾਗੂ ਕਰਨ ਦੇ ਵਿਰੋਧ 'ਚ ਮੰਗਲਵਾਰ ਨੂੰ ਯੂਥ ਕਾਂਗਰਸ ਦੇ ਆਗੂਆਂ ਵੱਲੋਂ ਸਥਾਨਕ ਆਈਟੀਆਈ ਚੌਕ ਨਜਦੀਕ ਧਰਨਾ ਦੇ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਲਖਵਿੰਦਰ ਸਿੰਘ ਲੱਖੀ ਬੱਛੋਆਣਾ, ਜਗਮੇਲ ਸਿੰਘ ਕੁਲਰੀਆਂ, ਸੰਦੀਪ ਸਿੰਘ ਬੀਰੋਕੇ, ਗੁਰਮੀਤ ਸਿੰਘ ਗੀਤੂ, ਗੁਰਮੀਤ ਕਾਲਾ, ਨਿਰਮਲ ਸਿੰਘ ਸੈਦੇਵਾਲਾ, ਪ੍ਰਦੀਪ ਦੋਦੜਾ ਆਦਿ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਤਿੰਨ ਖੇਤੀ ਆਰਡੀਨੈਂਸਾਂ ਤੋਂ ਇਲਾਵਾ ਤੇਲ ਦੀਆਂ ਕੀਮਤਾਂ ਚ ਹੋਏ ਵਾਧੇ ਖਿਲਾਫ ਯੂਥ ਕਾਂਗਰਸ ਵੱਲੋਂ ਅੱਜ ਦਿੱਤੇ ਰਾਜ ਵਿਆਪੀ ਪ੍ਰਰੋਗਰਾਮ ਤਹਿਤ ਇਹ ਸੰਕੇਤਕ ਧਰਨਾ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦੀਆਂ ਮਾਰੂ ਨੀਤੀਆਂ ਨੇ ਦੇਸ਼ ਨੂੰ ਕੰਗਾਲੀ ਦੇ ਕੰਢੇ ਲਿਆ ਖੜਾ ਕੀਤਾ ਹੈ ਅਤੇ ਹਰ ਵਰਗ ਨੂੰ ਦੋ ਟਾਇਮ ਦੀ ਰੋਟੀ ਖਾਣਾ ਵੀ ਨਸੀਬ ਨਹੀਂ ਹੋ ਰਿਹਾ। ਬੁਲਾਰਿਆ ਨੇ ਕਿਹਾ ਕਿ ਨਵੇਂ ਆਰਡੀਨੈਂਸਾਂ ਦੇ ਲਾਗੂ ਹੋਣ ਨਾਲ ਕਿਸਾਨ, ਮਜ਼ਦੂਰ, ਆੜ੍ਹਤੀਆ, ਟਰਾਂਸਪੋਰਟਰ ਅਤੇ ਖੇਤੀਬਾੜੀ ਸੈਕਟਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਵੇਗਾ। ਯੂਥ ਆਗੂਆਂ ਨੇ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਵੀ ਕੇਂਦਰੀ ਕੈਬਨਿਟ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਦੀ ਮੰਗ ਕੀਤੀ।