ਪੱਤਰ ਪ੍ਰਰੇਰਕ, ਮਾਨਸਾ : ਠੂਠਿਆਂਵਾਲੀ ਰੋਡ 'ਤੇ ਸਥਿਤ ਵਾਰਡ ਨੰਬਰ-1 ਨਿਵਾਸੀ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹਨ, ਕਿਉਂਕਿ ਇਸ ਇਲਾਕੇ ਦਾ ਸੀਵਰੇਜ ਸਿਸਟਮ ਕਈ ਦਿਨਾਂ ਤੋਂ ਬੰਦ ਹੋਇਆ ਪਿਆ ਹੈ। ਇਸ ਕਰ ਕੇ ਸੀਵਰੇਜ ਓਵਰਫਲੋਅ ਹੋਣ ਕਰ ਕੇ ਗੰਦਾ ਪਾਣੀ ਗਲੀਆਂ ਵਿਚ ਭਰ ਗਿਆ ਹੈ।

ਇਸ ਸਬੰਧੀ ਨਿਰਵੈਰ ਕਲੱਬ ਦੇ ਆਗੂ ਸੀਵਰੇਜ ਦੇ ਅਧਿਕਾਰੀਆਂ ਨੂੰ ਕਈ ਵਾਰ ਅਪੀਲ ਕਰ ਚੁੱਕੇ ਹਨ ਪਰ ਅਧਿਕਾਰੀਆਂ ਵੱਲੋਂ ਮੌਕਾ ਦੇਖਣ ਦੇ ਬਾਵਜੂਦ ਸੀਵਰੇਜ ਦੇ ਪਾਣੀ ਦੇ ਨਿਕਾਸ ਦਾ ਪੱਕਾ ਹੱਲ ਨਹੀਂ ਕੀਤਾ ਗਿਆ। ਇਸ ਬਾਰੇ ਜਾਣਕਾਰੀ ਦਿੰਦਿਆਂ ਵਾਰਡ ਵਾਸੀ ਲਾਭ ਸਿੰਘ ਨੇ ਦੱਸਿਆ ਕਿ ਇੱਕ ਪਾਸੇ ਸਰਕਾਰ ਤੇ ਪ੍ਰਸ਼ਾਸਨ ਕੋਵਿਡ-19 ਤੋਂ ਬਚਾਅ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਦੀਆਂ ਗੱਲਾਂ ਕਰ ਰਿਹਾ ਹੈ ਤੇ ਦੂਸਰੇ ਪਾਸੇ ਸ਼ਹਿਰ ਦੇ ਸੰਘਣੀ ਵਸੋਂ ਵਾਰਡ ਨੰਬਰ-1 ਵਿੱਚ ਰਹਿੰਦੇ ਲੋਕਾਂ ਦੇ ਘਰਾਂ ਤੱਕ ਪਹੁੰਚਿਆ ਸੀਵਰੇਜ ਦਾ ਗੰਦਾ ਪਾਣੀ ਕੱਢਣ ਤੋਂ ਸੀਵਰੇਜ ਬੋਰਡ ਅੱਖਾਂ ਮੀਚੀ ਬੈਠਾ ਹੈ।

ਉਹਨਾਂ ਕਿਹਾ ਕਿ ਇਸ ਖੇਤਰ ਦੇ ਵਸ਼ੀਦਿਆਂ ਨੂੰ ਆਪਣੇ ਹੀ ਘਰਾਂ ਵਿੱਚ ਰਹਿ ਕੇ ਖਾਣਾ-ਪੀਣਾ ਦੁੱਭਰ ਹੋਇਆ ਪਿਆ ਹੈ ਅਤੇ ਬਰਸਾਤੀ ਮੌਸਮ ਹੋਣ ਕਰਕੇ ਬਿਮਾਰੀਆਂ ਲੱਗਣ ਅਤੇ ਪਾਣੀ ਘਰਾਂ 'ਚ ਵੜਨ ਤੋਂ ਡਰੇ ਹੋਏ ਹਨ। ਉਨ੍ਹਾਂ ਜ਼ਿਲ੍ਹਾ ਪ੍ਰਸਾਸ਼ਨ ਤੋਂ ਮੰਗ ਕੀਤੀ ਕਿ ਵਾਰਡ ਨੰਬਰ-1 ਵਿਚਲੇ ਬੰਦ ਹੋਏ ਸੀਵਰੇਜ ਸਿਸਟਮ ਦੀ ਸਾਫ-ਸਫਾਈ ਕਰਵਾ ਕੇ ਗੰਦੇ ਪਾਣੀ ਦੇ ਨਿਕਾਸ ਦਾ ਤੁਰੰਤ ਪੱਕਾ ਪ੍ਰਬੰਧ ਕੀਤਾ ਜਾਵੇ। ਇਸ ਮੌਕੇ ਲਾਭ ਸਿੰਘ, ਮੇਜਰ ਸਿੰਘ ਜੇ.ਈ. ਰਣਜੀਤ ਸਿੰਘ, ਰਿੰਕੂ ਸ਼ਰਮਾ, ਨਛੱਤਰ ਸਿੰਘ, ਬੂਟਾ ਸਿੰਘ, ਸੀਰਾ ਸਿੰਘ ਆਦਿ ਹਾਜ਼ਰ ਸਨ।

ਸੀਵਰੇਜ ਬੋਰਡ ਦੇ ਐਕਸੀਅਨ ਸਤਿੰਦਰ ਸਿੰਘ ਨੇ ਕਿਹਾ ਕਿ ਸੀਵਰੇਜ ਦੀ ਸਫਾਈ ਦਾ ਕੰਮ ਚੱਲ ਰਿਹਾ ਹੈ ਅਤੇ ਜਲਦੀ ਹੀ ਇਸ ਸਮੱਸਿਆ ਦਾ ਹੱਲ ਕਰ ਦਿੱਤਾ ਜਾਵੇਗਾ।