ਤਰਸੇਮ ਸ਼ਰਮਾ, ਬਰੇਟਾ

ਅੱਜ ਦੇ ਡਿਜੀਟਲ ਇੰਡੀਆ ਦੇ ਸਮੇਂ ਵਿਚ ਪਿੰਡ ਬਖਸ਼ੀਵਾਲਾ 'ਚ ਲੱਗੇ ਮੋਬਾਈਲ ਟਾਵਰ ਦੇ ਬਿਜਲੀ ਦੇ ਚਲੇ ਜਾਣ ਉਪਰੰਤ ਬੰਦ ਹੋ ਜਾਣ ਕਾਰਨ ਪਿੰਡ ਵਾਸੀਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿੰਡ ਦੇ ਵਸਨੀਕ ਇਕਵਾਲ ਸਿੰਘ ਨੇ ਦੱਸਿਆ ਕਿ ਪਿੰਡ 'ਚ ਜੀਓ ਅਤੇ ਬੀਐੱਸਐੱਲ ਦੋਵੇਂ ਕੰਪਨੀਆਂ ਦਾ ਇੱਕੋ ਟਾਵਰ ਲੱਗਾ ਹੋਇਆ ਹੈ ਅਤੇ ਲੋਕਾਂ ਕੋਲ ਇੱਕ ਹਜ਼ਾਰ ਦੇ ਕਰੀਬ ਜੀਓ ਅਤੇ ਸਤ ਸੌ ਦੇ ਕਰੀਬ ਬੀਐੱਸਐੱਲ ਕੰਪਨੀ ਦੇ ਕੁਨੈਕਸ਼ਨ ਹਨ, ਜੋ ਇਸ ਟਾਵਰ 'ਤੇ ਹੀ ਨਿਰਭਰ ਹਨ। ਉਨ੍ਹਾਂ ਕਿਹਾ ਕਿ ਬਿਜਲੀ ਜਾਣ ਉਪਰੰਤ ਇਹ ਟਾਵਰ ਸੇਵਾਵਾਂ ਦੇਣ ਤੋਂ ਅਸਮੱਰਥ ਹੋ ਜਾਂਦਾ ਹੈ। ਜਿਸ ਨੂੰ ਲੈ ਕੇ ਪਿੰਡ ਵਾਸੀਆਂ ਨੂੰ ਮੋਬਾਈਲ 'ਤੇ ਗੱਲਬਾਤ ਕਰਨ ਸਮੇਂ ਬਹੁਤ ਮੁਸ਼ਕਿਲ ਹੁੰਦੀ ਹੈ ਅਤੇ ਇੰਟਰਨੈੱਟ 'ਤੇ ਆਧਾਰਿਤ ਸਮੁੱਚੇ ਕੰਮ ਠੱਪ ਹੋ ਕੇ ਰਹਿ ਜਾਂਦੇ ਹਨ।

ਉਨ੍ਹਾਂ ਕਿਹਾ ਕਿ ਕਈ ਵਾਰ ਲੋਕਾਂ ਨੂੰ ਮੋਬਾਇਲ ਤੇ ਗੱਲ ਕਰਨ ਲਈ ਨਾਲ ਲੱਗਦੇ ਟਾਵਰਾਂ ਦੀ ਰੇਂਜ ਆਉਣ ਨੂੰ ਲੈ ਕੇ ਖੇਤਾਂ 'ਚ ਜਾਂ ਆਪਣੇ ਘਰਾਂ ਦੇ ਕੋਠਿਆਂ 'ਤੇ ਚੜ੍ਹਨਾ ਪੈਂਦਾ ਹੈ, ਪਰ ਫਿਰ ਵੀ ਸੁਚਾਰੂ ਢੰਗ ਨਾਲ ਗੱਲਬਾਤ ਨਹੀਂ ਹੁੰਦੀ।

ਉਨ੍ਹਾਂ ਕਿਹਾ ਕਿ ਇਸ ਸਮੱਸਿਆ ਦੇ ਹੱਲ ਲਈ ਅਨੇਕਾਂ ਵਾਰ ਕੰਪਨੀ ਦੇ ਅਧਿਕਾਰੀਆਂ ਕੋਲ ਗੁਹਾਰ ਲਗਾ ਚੁੱਕੇ ਹਾਂ, ਪਰ ਪਰਨਾਲਾ ਜਿਉਂ ਦਾ ਤਿਉਂ ਹੈ। ਉਨ੍ਹਾਂ ਕਿਹਾ ਕਿ ਇਸ ਸਮੱਸਿਆ ਕਾਰਨ ਪਿੰਡ ਵਿੱਚੋਂ ਵਿਦੇਸ਼ ਗਏ ਨੌਜਵਾਨਾਂ ਨਾਲ ਪਰਿਵਾਰਕ ਮੈਂਬਰਾਂ ਨੂੰ ਗੱਲ ਕਰਨ ਸਮੇਂ ਭਾਰੀ ਪ੍ਰਰੇਸ਼ਾਨੀ ਦਾ ਸਾਹਮਣਾ ਕਰਨਾ ਪੈਦਾ ਹੈ। ਉਨ੍ਹਾਂ ਕੰਪਨੀਆਂ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਇਸ ਸਮੱਸਿਆ ਦਾ ਜਲਦ ਤੋਂ ਜਲਦ ਠੋਸ ਹੱਲ ਕੀਤਾ ਜਾਵੇ ਨਹੀਂ ਤਾਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕੰਪਨੀਆਂ ਦੇ ਖਿਲਾਫ ਧਰਨਾ ਲਗਾਉਣ ਲਈ ਮਜਬੂਰ ਹੋਣਾ ਪਵੇਗਾ।

ਜਦ ਇਸ ਸਬੰਧੀ ਜੀਓ ਕੰਪਨੀ ਦੇ ਅਧਿਕਾਰੀ ਸੁਮਿਤ ਸੂਤ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਜਲਦ ਹੀ ਇਸ ਸਮੱਸਿਆ ਦਾ ਠੋਸ ਹੱਲ ਕੀਤਾ ਜਾ ਰਿਹਾ ਹੈ।