ਸੰਦੀਪ ਜਿੰਦਲ, ਭੀਖੀ

ਬੀਤੇ ਕੁਝ ਦਿਨਾਂ ਤੋਂ ਹੋ ਰਹੀ ਬਾਰਿਸ਼ ਨੇ ਨਗਰ ਪੰਚਾਇਤ ਭੀਖੀ ਦੇ ਨਿਕਾਸ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਆਲਮ ਇਹ ਹੈ ਕਿ ਸ਼ਹਿਰ ਦੀ ਗੁਰਦੁਆਰਾ ਰੋਡ, ਰਾਮਬਾਗ ਰੋਡ ਅਤੇ ਕਈ ਹੋਰ ਗਲੀਆਂ ਵਿਚ ਮੀਂਹ ਦਾ ਪਾਣੀ ਜਮ੍ਹਾਂ ਹੋ ਗਿਆ ਹੈ, ਜਿਸ ਨੂੰ ਲੈ ਕੇ ਸ਼ਹਿਰ ਵਾਸੀ ਡਾਹਢੇ ਪਰੇਸ਼ਾਨ ਹਨ। ਇਸੇ ਪਰੇਸ਼ਾਨੀ ਨੂੰ ਲੈ ਕੇ ਸੋਮਵਾਰ ਸਵੇਰ ਰਾਮਬਾਗ ਰੋਡ ਦੇ ਵਾਸੀਆਂ ਨੇ ਨਗਰ ਪੰਚਾਇਤ ਖਿਲਾਫ ਰੋਸ ਪ੍ਰਦਰਸ਼ਨ ਕੀਤਾ।

ਜ਼ਿਕਰਯੋਗ ਹੈ ਕਿ ਮੀਂਹ ਦਾ ਪਾਣੀ ਸੋਖਣ ਲਈ ਸ਼ਹਿਰ ਅੰਦਰ ਜੋ ਟੋਭੇ ਹਨ, ਉਹ ਨਾਜਾਇਜ਼ ਕਬਜਿਆਂ ਦੀ ਭੇਟ ਚੜ੍ਹਣ ਕਾਰਨ ਸੁੰਗੜ ਕੇ ਛੋਟੇ ਜਿਹੇ ਰਹਿ ਚੁੱਕੇ ਹਨ ਅਤੇ ਥੋੜ੍ਹੀ ਜਿਹੀ ਬਾਰਿਸ਼ ਤੋਂ ਬਾਅਦ ਇਹ ਟੋਭੇ ਪਾਣੀ ਸੋਖਣ ਤੋਂ ਅਸਮਰੱਥਤਾ ਜਾਹਿਰ ਕਰ ਦਿੰਦੇ ਹਨ। ਉੱਪਰੋਂ ਨਗਰ ਪੰਚਾਇਤ ਦੁਆਰਾ ਇਨ੍ਹਾਂ ਟੋਭਿਆਂ ਦੀ ਕਦੇ ਸਫਾਈ ਵੀ ਨਹੀਂ ਕਰਵਾਈ ਗਈ। ਸਿੱਟਾ ਇਹ ਹੁੰਦਾ ਹੈ ਕਿ ਪਾਣੀ ਸੜਕਾਂ ਅਤੇ ਗਲੀਆਂ ਵਿੱਚ ਜਮ੍ਹਾਂ ਹੋ ਜਾਂਦਾ ਹੈ। ਸ਼ਹਿਰ ਵਿੱਚੋਂ ਲੰਘਦਾ ਬਹੁ-ਕਰੋੜੀ ਰਾਜਮਾਰਗ ਵੀ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਮੀਂਹ ਦੇ ਪਾਣੀ ਵਿੱਚ ਡੁੱਬ ਜਾਂਦਾ ਹੈ।

ਸੋਮਵਾਰ ਨੂੰ ਜਦ ਨਗਰ ਪੰਚਾਇਤ ਦੁਆਰਾ ਇੱਕ ਜੇਸੀਬੀ ਨੁਮਾ ਟਰੈਕਟਰ ਨਾਲ ਰਾਜਮਾਰਗ 'ਤੇ ਖੜ੍ਹਾ ਪਾਣੀ ਹਟਾਇਆ ਜਾ ਰਿਹਾ ਸੀ ਤਾਂ ਉਸ ਨਾਲ ਗੰਦਗੀ ਹੋਰ ਬਿਖਰ ਗਈ ਅਤੇ ਰਾਹਗੀਰਾਂ ਨੂੰ ਲੰਘਣਾ ਵੀ ਅੌਖਾ ਹੋ ਗਿਆ। ਜਿਸ 'ਤੇ ਮੁਹੱਲਾ ਵਾਸੀਆਂ ਨੇ ਨਰਾਜ਼ਗੀ ਜਾਹਰ ਕੀਤੀ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਕਰਨ ਨਾਲ ਗੰਦਗੀ ਹੋਰ ਫੈਲ ਰਹੀ ਹੈ ਅਤੇ ਬਦਬੂ ਆਉਣੀ ਸ਼ੁਰੂ ਹੋ ਗਈ ਹੈ। ਉਨ੍ਹਾਂ ਨਗਰ ਪੰਚਾਇਤ ਭੀਖੀ ਤੋਂ ਪੁਰਜੋਰ ਮੰਗ ਕੀਤੀ ਕਿ ਸ਼ਹਿਰ ਵਿੱਚ ਗੰਦੇ ਪਾਣੀ ਦੀ ਨਿਕਾਸੀ ਦਾ ਕੋਈ ਪੁਖਤਾ ਪ੍ਰਬੰਧ ਕੀਤਾ ਜਾਵੇ ਅਤੇ ਸ਼ਹਿਰ ਵਾਸੀਆਂ ਨੂੰ ਇਸ ਸਮੱਸਿਆ ਤੋਂ ਨਿਜਾਤ ਦਿਵਾਈ ਜਾਵੇ। ਇਸ ਮੌਕੇ ਸਾਬਕਾ ਨਗਰ ਪੰਚਾਇਤ ਪ੍ਰਧਾਨ ਪਵਨ ਸ਼ਰਮਾ, ਕਾਂਗਰਸੀ ਆਗੂ ਸੁਖਦੇਵ ਮਹੰਤ, ਡਾ.ਮਨਪ੍ਰਰੀਤ ਸਿੰਘ ਅਤੇ ਸੱਤਪਾਲ ਤੋਂ ਇਲਾਵਾ ਹੋਰ ਵਿਅਕਤੀ ਹਾਜ਼ਰ ਸਨ।