ਕੁਲਵਿੰਦਰ ਸਿੰਘ ਚਹਿਲ, ਬੁਢਲਾਡਾ

ਸੋਮਵਾਰ ਨੂੰ ਬੁਢਲਾਡਾ ਸ਼ਹਿਰ ਦੀ ਸੰਸਥਾ ਨਗਰ ਸੁਧਾਰ ਸਭਾ ਨੇ ਐੱਸਡੀਓ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਸਬ ਡਵੀਜ਼ਨ ਬੁਢਲਾਡਾ ਨੂੰ ਮੰਗ ਪੱਤਰ ਦੇ ਕੇ ਮੰਗ ਕੀਤੀ ਕਿ ਕੋਵਿਡ-19 ਕਾਰਨ ਕਾਰੋਬਾਰੀਆਂ ਦੇ ਧੰਦੇ 'ਤੇ ਵੱਜੀ ਵੱਡੀ ਆਰਥਿਕ ਸੱਟ ਦੇ ਮੱਦੇਨਜ਼ਰ ਬਿਜਲੀ ਬਿੱਲਾਂ ਦੀ ਅਦਾਇਗੀ ਨਾ ਕਰ ਸਕਣ ਵਾਲੇ ਖਪਤਕਾਰਾਂ ਦੇ ਘਰੇਲੂ ਅਤੇ ਕਮਰਸ਼ੀਅਲ ਕੁਨੈਕਸ਼ਨ ਨਾ ਕੱਟੇ ਜਾਣ। ਸੰਸਥਾ ਨੇ ਪੰਜਾਬ ਅਤੇ ਕੇਂਦਰ ਸਰਕਾਰ ਪਾਸੋਂ ਵੀ ਮੰਗ ਕੀਤੀ ਹੈ ਕਿ ਇਸ ਅੌਖੀ ਸਥਿਤੀ ਵਿੱਚ ਆਮ ਲੋਕਾਂ ਅਤੇ ਕਾਰੋਬਾਰੀਆਂ ਨੂੰ ਵਿਸ਼ੇਸ਼ ਆਰਥਿਕ ਪੈਕੇਜ ਐਲਾਨ ਕਰਕੇ ਆਰਥਿਕ ਮਦਦ ਦਿੱਤੀ ਜਾਵੇ। ਸੰਸਥਾ ਦੇ ਆਗੂ ਐਡਵੋਕੇਟ ਸਵਰਨਜੀਤ ਸਿੰਘ ਦਲਿਓ ਨੇ ਦੱਸਿਆ ਕਿ ਮਾਰਚ ਦੇ ਆਖਰੀ ਹਫਤੇ ਤੋਂ ਕੋਰੋਨਾ ਮਹਾਮਾਰੀ ਕਾਰਨ ਹਰ ਕਿਸਮ ਦਾ ਕਾਰੋਬਾਰ ਠੱਪ ਵਾਂਗ ਰਿਹਾ ਹੈ, ਕਰੀਬ ਚਾਰ ਮਹੀਨੇ ਤੋਂ ਕਾਰੋਬਾਰੀ ਅਤੇ ਆਮ ਲੋਕ ਮਜਬੂਰੀਵੱਸ ਵਿਹਲੇ ਰਹੇ ਹਨ। ਲੋਕਾਂ ਦੀ ਬੱਚਤ ਕੀਤੀ ਪੂੰਜੀ ਵੀ ਖਤਮ ਹੋ ਚੁੱਕੀ ਹੈ, ਕਾਰੋਬਾਰਾਂ ਸਬੰਧੀ ਭਵਿੱਖ ਵਿੱਚ ਵੀ ਕੋਈ ਆਸ ਦੀ ਕਿਰਨ ਦਿਖਾਈ ਨਹੀਂ ਦੇ ਰਹੀ। ਇਸ ਦੇ ਉਲਟ ਬਿਜਲੀ ਦੇ ਛੇ-ਛੇ ਮਹੀਨੇ ਦੇ ਇੱਕਠੇ ਬਿੱਲ ਆ ਗਏ ਹਨ। ਇੰਨੀ ਇਕੱਠੀ ਰਕਮ ਉਤਾਰਨੀ ਲੋਕਾਂ ਅਤੇ ਕਾਰੋਬਾਰੀਆਂ ਲਈ ਅਸੰਭਵ ਹੈ। ਦਲਿਓ ਨੇ ਕਿਹਾ ਕਿ ਕਾਰਪੋਰੇਸ਼ਨ ਨੂੰ ਖਪਤਕਾਰਾਂ ਵੱਲੋਂ ਤਿੰਨ ਚਾਰ ਕਿਸਤਾਂ ਦੇ ਰੂਪ ਵਿੱਚ ਬਿਜਲੀ ਦੇ ਬਿੱਲ ਉਗਰਾਹੁਣ ਦੀ ਕੀਤੀ ਬੇਨਤੀ ਵੀ ਮੰਨੀ ਨਹੀਂ ਜਾ ਰਹੀ, ਸਗੋਂ ਧੱਕੇ ਨਾਲ ਕੁਨੈਕਸ਼ਨ ਕੱਟੇ ਜਾ ਰਹੇ ਹਨ ਜੋ ਕਿ ਸਰਾਸਰ ਗ਼ਲਤ ਹੈ। ਉਨ੍ਹਾਂ ਨਗਰ ਸੁਧਾਰ ਸਭਾ ਵੱਲੋਂ ਸਬੰਧਤ ਕਾਰਪੋਰੇਸ਼ਨ ਦੇ ਉੱਚ ਅਧਿਕਾਰੀਆਂ ਅਤੇ ਸਰਕਾਰਾਂ ਨੂੰ ਅਪੀਲ ਕੀਤੀ ਕਿ ਇਸ ਨਾਜ਼ੁਕ ਸਮੇਂ ਵਿੱਚ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਕੇ ਹੱਲ ਕੀਤਾ ਜਾਵੇ। ਸਭਾ ਦੇ ਆਗੂਆਂ ਐਡਵੋਕੇਟ ਸੁਸ਼ੀਲ ਬਾਂਸਲ ਅਤੇ ਸਤਪਾਲ ਸਿੰਘ ਕਟੌਦੀਆ ਨੇ ਦੱਸਿਆ ਕਿ ਐੱਸਡੀਓ ਨੇ ਭਰੋਸਾ ਦਿੱਤਾ ਹੈ ਕਿ ਉਹ ਸੰਸਥਾ ਵੱਲੋਂ ਦਿੱਤੇ ਮੰਗ ਪੱਤਰ ਨੂੰ ਉੱਚ ਅਧਿਕਾਰੀਆਂ ਤਕ ਪਹੁੰਚਾ ਦੇਣਗੇ।