ਚਤਰ ਸਿੰਘ, ਬੁਢਲਾਡਾ

ਬੁਢਲਾਡਾ ਸ਼ਹਿਰ ਸਮੇਤ ਹਲਕੇ ਦੇ ਪਿੰਡਾਂ ਅੰਦਰ ਹਜ਼ਾਰਾ ਯੋਗ ਲਾਭਪਾਤਰੀਆਂ ਦੇ ਆਟਾ ਦਾਲ ਕਾਰਡ ਕੱਟੇ ਜਾਣ ਕਰਕੇ ਲੋਕਾਂ ਚ ਸਰਕਾਰ ਖਿਲਾਫ ਭਾਰੀ ਰੋਸ ਪਾਇਆ ਜਾ ਰਿਹਾ ਹੈ ਅਤੇ ਹੁਣ ਹਫਲੀ -ਹੌਲੀ ਲੋਕ ਸੜਕਾਂ 'ਤੇ ਆਉਣ ਲੱਗੇ ਹਨ। ਸਥਾਨਕ ਸ਼ਹਿਰ ਦੇ ਵਾਰਡ ਨੰਬਰ 2 ਦੇ ਦਰਜਨਾਂ ਗਰੀਬ ਤੇ ਜ਼ਰੂਰਤਮੰਦ ਪਰਿਵਾਰਾਂ ਦੀਆਂ ਅੌਰਤਾਂ ਵੱਲੋਂ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਵਾਰਡ ਵਾਸੀ ਸਿਮਰਜੀਤ ਕੌਰ, ਿਛੰਦਰ ਕੌਰ, ਕਾਂਤਾਂ ਦੇਵੀ, ਕਿਰਨਾ ਰਾਣੀ, ਦਰਸ਼ਨਾਂ ਦੇਵੀ, ਸੋਨੀਆਂ ਰਾਣੀ, ਰੇਖਾ ਰਾਣੀ, ਕਲਾਂਵੰਤੀ ਆਦਿ ਅਨੇਕਾਂ ਅੌਰਤਾਂ ਨੇ ਕਿਹਾ ਕਿ ਕਰਫਿਊ ਤੇ ਲਾਕਡਾਊਨ ਦੇ ਚੱਲਦਿਆਂ ਮਜ਼ਦੂਰੀ ਦੇ ਵੀ ਸਾਰੇ ਸਾਧਨ ਖਤਮ ਹੋ ਜਾਣ ਕਰਕੇ ਉਨ੍ਹਾਂ ਨੂੰ ਆਸ ਸੀ ਕਿ ਸਰਕਾਰ ਉਨ੍ਹਾਂ ਦੇ ਘਰ-ਗੁਜਾਰੇ ਲਈ ਕੋਈ ਪ੍ਰਬੰਧ ਕਰੇਗੀ, ਪਰ ਇਸਦੇ ਉਲਟ ਉਨ੍ਹਾਂ ਨੂੰ ਪਹਿਲਾਂ ਮਿਲਦੀ ਕਣਕ ਦੀ ਮਾੜੀ ਮੋਟੀ ਸਹਾਇਤਾ ਵੀ ਬੰਦ ਕਰ ਦਿੱਤੀ ਹੈ। ਮਾਰਕਿਟ ਕਮੇਟੀ ਦੇ ਸਾਬਕਾ ਮੈਂਬਰ ਭੂਸ਼ਨ ਕੁਮਾਰ ਵਰਮਾ ਅਤੇ ਸਾਬਕਾ ਪੰਚ ਨਛੱਤਰ ਸਿੰਘ ਨੇ ਕਿਹਾ ਕਿ ਲਾਕਡਾਊਨ ਦੇ ਚੱਲਦਿਆਂ ਫੂਡ ਅਤੇ ਸਿਵਲ ਸਪਲਾਈ ਵਿਭਾਗ ਵੱਲੋਂ ਬਿਨ੍ਹਾਂ ਪੜਤਾਲ ਵੱਡੀ ਪੱਧਰ ਤੇ ਆਟਾ ਦਾਲ ਦੇ ਰਾਸ਼ਨ ਕਾਰਡ ਕੱਟ ਦਿੱਤੇ, ਇਨ੍ਹਾਂ ਨੇ ਕੋਈ ਵਿਧਵਾ, ਅੰਗਹੀਣ ਜਾਂ ਗਰੀਬ ਪਰਿਵਾਰ ਨਹੀਂ ਦੇਖਿਆ ਅਤੇ ਕੁਝ ਕੁ ਝੋਲੀ ਚੁੱਕ ਲੋਕਾਂ ਦੇ ਕਹੇ-ਕਹਾਏ ਜ਼ਰੂਰਤਮੰਦ ਪਰਿਵਾਰਾਂ ਦੇ ਮੂੰਹ ਚੋ ਬੁਰਕੀ ਖੋਹ ਲਈ ਹੈ। ਸਰਕਾਰ ਨੂੰ ਵੀ ਚਾਹੀਦਾ ਸੀ ਕਿ ਕੋਰੋਨਾ ਸੰਕਟ ਦੇ ਇਸ ਸਮੇਂ ਰਾਸ਼ਨ ਕਾਰਡ ਕੱਟਣ ਦੀ ਬਜਾਏ ਨਵੇਂ ਹੋਰ ਕਾਰਡ ਬਣਾਏ ਜਾਣੇ ਸਨ।

ਕੱਟੇ ਗਏ ਆਟਾ-ਦਾਲ ਕਾਰਡ ਦੁਬਾਰਾ ਚਾਲੂ ਕੀਤੇ ਜਾਣ : ਬੁੱਧ ਰਾਮ

ਆਮ ਆਦਮੀ ਪਾਰਟੀ ਦੇ ਪੰਜਾਬ ਦੇ ਕੋਰ ਕਮੇਟੀ ਚੇਅਰਮੈਨ ਅਤੇ ਹਲਕਾ ਵਿਧਾਇਕ ਪਿ੍ਰਸੀਪਲ ਬੁੱਧ ਰਾਮ ਨੇ ਕਿਹਾ ਕਿ ਪਿਛਲੇ ਕਈ ਦਿਨ੍ਹਾਂ ਤੋਂ ਕਰਫਿਊ ਦੇ ਚੱਲਦਿਆਂ ਸਮੁੱਚੇ ਕਾਰੋਬਾਰ ਠੱਪ ਪਏ ਹੋਣ ਕਰਕੇ ਜਿਥੇ ਮੱਧ ਵਰਗੀ ਲੋਕ ਪ੍ਰਭਾਵਿਤ ਹੋਏ ਹਨ, ਉਥੇ ਮਜਦੂਰ ਤਬਕਾ ਸਭ ਤੋਂ ਵੱਧ ਪ੍ਰਭਾਵਿਤ ਹੋ ਰਿਹਾ ਹੈ ਅਤੇ ਅਜਿਹੇ ਸੰਕਟ ਦੇ ਸਮੇਂ ਸਰਕਾਰ ਗਰੀਬਾਂ ਲਈ ਸਿਰਫ ਬਿਆਨਬਾਜੀ ਹੀ ਕਰ ਰਹੀ ਹੈ। ਇਸ ਸੁੱਤੀ ਪਈ ਸਰਕਾਰ ਨੇ ਲੋਕਾਂ ਤੱਕ ਰਾਸ਼ਨ ਪਹੁੰਚਾਉਣ ਦੀ ਬਜਾਏ ਉਨ੍ਹਾਂ ਨੂੰ ਪਹਿਲਾਂ ਤੋਂ ਮਿਲਦੀ ਆਟਾ ਦਾਲ ਦੀ ਸਹੂਲਤ ਵੀ ਖੋਹ ਲਈ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਸੰਕਟ ਦੀ ਘੜੀ 'ਚ ਜੇਕਰ ਸਰਕਾਰ ਗਰੀਬਾਂ ਨੂੰ ਕੁਝ ਦੇ ਨਹੀਂ ਸਕਦੀ ਤਾਂ ਘੱਟੋ ਘੱਟ ਉਨ੍ਹਾਂ ਦੇ ਕੱਟੇ ਰਾਸ਼ਨ ਕਾਰਡ ਤਾਂ ਦੁਬਾਰਾ ਚਾਲੂ ਕਰੇ।