ਭੋਲਾ ਸਿੰਘ ਮਾਨ, ਮੌੜ ਮੰਡੀ

ਸੂਬੇ ਦੀ ਕੈਪਟਨ ਸਰਕਾਰ ਵੱਲੋਂ ਪਿੰਡ ਮੌੜ ਖੁਰਦ, ਮੌੜ ਕਲਾਂ ਅਤੇ ਪਿੰਡ ਕੁੱਤੀਵਾਲ ਕਲਾਂ ਦੇ ਗਰੀਬ ਪਰਿਵਾਰਾਂ ਦੇ ਰਾਸ਼ਨ ਕਾਰਡ ਕੱਟਣ ਦੇ ਵਿਰੋਧ 'ਚ ਸੋਮਵਾਰ ਨੂੰ ਹਲਕਾ ਮੌੜ ਦੇ ਵਿਧਾਇਕ ਜਗਦੇਵ ਸਿੰਘ ਕਮਾਲੂ ਦੀ ਅਗਵਾਈ ਹੇਠ ਵੱਡੀ ਗਿਣਤੀ ਗਰੀਬ ਪਰਿਵਾਰਾਂ ਨੇ ਤਹਿਸੀਲ ਕੰਪਲੈਕਸ ਮੌੜ ਵਿਖੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪੁਤਲਾ ਸਾੜ ਕੇ ਸਰਕਾਰ ਖ਼ਿਲਾਫ ਨਾਅਰੇਬਾਜ਼ੀ ਕੀਤੀ।

ਇਸ ਮੌਕੇ ਵਿਧਾਇਕ ਜਗਦੇਵ ਸਿੰਘ ਕਮਾਲੂ ਨੇ ਬੋਲਦੇ ਹੋਏ ਕਿਹਾ ਕਿ ਕੋਰੋਨਾ ਮਹਾਮਾਰੀ ਕਾਰਨ ਗਰੀਬਾਂ ਵਰਗ ਪਹਿਲਾ ਹੀ ਭੁੱਖਮਰੀ ਦਾ ਸ਼ਿਕਾਰ ਹੋ ਰਿਹਾ ਹੈ, ਪ੍ਰੰਤੂ ਇਸ ਮੁਸੀਬਤ ਦੀ ਘੜੀ 'ਚ ਗਰੀਬਾਂ ਦੇ ਿਢੱਡ ਭਰਨ ਦੀ ਬਜਾਏ ਕੈਪਟਨ ਸਰਕਾਰ ਨੇ ਗਰੀਬਾਂ ਦੇ ਪੇਟ 'ਚ ਲੱਤ ਮਾਰੀ ਹੈ। ਕਮਾਲੂ ਨੇ ਇਹ ਵੀ ਕਿਹਾ ਕਿ ਜੋ ਸਰਕਾਰ ਵੱਲੋਂ ਗਰੀਬਾਂ ਲਈ ਰਾਸ਼ਨ ਕਿੱਟਾਂ ਆਈਆਂ ਸਨ, ਨੂੰ ਵੀ ਕਾਗਰਸੀ ਲੀਡਰਾਂ ਨੇ ਆਪਣੇ ਚਹੇਤਿਆਂ ਨੂੰ ਖੁਸ਼ ਕਰਨ ਲਈ ਲੋੜਵੰਦ ਵਿਅਕਤੀਆਂ ਦਾ ਹੱਕ ਮਾਰਿਆ ਹੈ। ਹੋਰ ਤਾਂ ਹੋਰ ਪ੍ਰਸ਼ਾਸਨ ਵੱਲੋਂ ਕੱਟੇ ਗਏ ਰਾਸ਼ਨ ਕਾਰਡ ਧਾਰਕ ਪਰਿਵਾਰਾਂ ਨੂੰ ਦਫਤਰਾਂ 'ਚ ਜਲੀਲ ਕੀਤਾ ਜਾ ਰਿਹਾ ਹੈ, ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਸਰਕਾਰ ਇਸ ਮਹਾਂਮਾਰੀ 'ਚ ਵੀ ਰਾਸ਼ਨ ਵੰਡਣ ਦੇ ਨਾਮ 'ਤੇ ਸਿਆਸੀ ਰੋਟੀਆਂ ਸੇਕ ਰਹੀ ਹੈ। ਵਿਧਾਇਕ ਨੇ ਕਿਹਾ ਕਿ ਜੇਕਰ ਸਰਕਾਰ ਨੇ ਲੋੜਵੰਦ ਪਰਿਵਾਰਾਂ ਦੇ ਰਾਸ਼ਨ ਕਾਰਡ ਦੁਆਰਾ ਚਾਲੂ ਨਾ ਕੀਤੇ ਤਾਂ ਉਹ ਸੰਘਰਸ਼ ਨੂੰ ਵੱਡੇ ਪੱਧਰ 'ਤੇ ਵਿੱਢਣ ਲਈ ਮਜਬੂਰ ਹੋਣਗੇ।

ਇਸ ਮੌਕੇ ਤਹਿਸੀਲਦਾਰ ਰਮੇਸ਼ ਕੁਮਾਰ ਜੈਨ ਅਤੇ ਫੂਡ ਸਪਲਾਈ ਦੇ ਇੰਸਪੈਕਟਰ ਭੁਪਿੰਦਰ ਸਿੰਘ ਵੱਲੋਂ ਵਿਸਵਾਸ਼ ਦਿਵਾਇਆ ਕਿ ਉਹ ਕੱਟੇ ਹੋਏ ਕਾਰਡਾਂ ਦੀ ਜਾਂਚ ਕਰਕੇ ਯੋਗ ਪਰਿਵਾਰਾਂ ਦੇ ਕਾਰਡ ਮੁੜ ਚਾਲੂ ਕਰਨਗੇ। ਇਸ ਮੌਕੇ ਵੀਰਪਾਲ ਕੌਰ, ਗੁਰਮੇਲ ਸਿੰਘ,ਕੇਵਲ ਸਿੰਘ, ਜਸਮੇਲ ਕੌਰ, ਗੁਰਦੇਵ ਕੌਰ, ਭੋਲਾ ਸਿੰਘ, ਪਵਨ ਕੁਮਾਰ, ਬਾਲਾ ਸਿੰਘ ਤੋਂ ਇਲਾਵਾ ਭਾਰੀ ਗਿਣਤੀ 'ਚ ਰਾਸ਼ਨ ਕਾਰਡ ਧਾਰਕ ਮੌਜੂਦ ਸਨ।