ਕੁਲਜੀਤ ਸਿੰਘ ਸਿੱਧੂ, ਮਾਨਸਾ

ਡਿਪਟੀ ਕਮਿਸ਼ਨਰ-ਜ਼ਿਲ੍ਹਾ ਮੈਜਿਸਟ੍ਰੇਟ ਗੁਰਪਾਲ ਸਿੰਘ ਚਹਿਲ ਨੇ ਦੱਸਿਆ ਕਿ ਲਾਕਡਾਊਨ 5.0 ਸਬੰਧੀ ਨਵੀਆਂ ਹਦਾਇਤਾਂ ਜਾਰੀ ਹੋਈਆਂ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਹਦਾਇਤਾਂ ਮੁਤਾਬਿਕ ਕੰਟੇਨਮੈਂਟ ਜ਼ੋਨ ਵਿਚ ਲਾਕਡਾਊਨ 30 ਜੂਨ ਤਕ ਲਾਗੂ ਰਹੇਗਾ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਇਨ੍ਹਾਂ ਹੁਕਮਾਂ ਵਿਚ ਹੋਈਆਂ ਹਦਾਇਤਾਂ ਦੀ ਪਾਲਣਾ ਹਿੱਤ ਜ਼ਿਲ੍ਹਾ ਮਾਨਸਾ ਦੀ ਹਦੂਦ ਅੰਦਰ ਨਾਈਟ ਕਰਫਿਊ (ਸਿਵਾਏ ਜ਼ਰੂਰੀ/ਮੈਡੀਕਲ ਐਮਰਜੈਂਸੀ) ਦਾ ਸਮਾਂ ਸ਼ਾਮ 7 ਤੋਂ ਸਵੇਰੇ 7 ਵਜੇ ਦੀ ਥਾਂ ਰਾਤ 9 ਵਜੇ ਤੋਂ ਸਵੇਰੇ 5 ਵਜੇ ਤਕ ਕੀਤਾ ਜਾਂਦਾ ਹੈ।

ਜ਼ਿਲ੍ਹਾ ਮੈਜਿਸਟ੍ਰੇਟ ਚਹਿਲ ਨੇ ਦੱਸਿਆ ਕਿ ਕੰਟੇਨਮੈਂਟ ਜ਼ੋਨ ਤੋਂ ਬਾਹਰ ਦੇ ਇਲਾਕੇ ਲਈ ਵੱਖਰੇ ਤੌਰ 'ਤੇ ਹਦਾਇਤਾਂ ਜਾਰੀ ਹੋਈਆਂ ਹਨ। ਇਨ੍ਹਾਂ ਦੀ ਪਾਲਣਾ ਹਿੱਤ ਜ਼ਿਲ੍ਹਾ ਮਾਨਸਾ ਵਿੱਚ ਕਨਟੇਨਮੈਂਟ ਜੋਨ ਤੋਂ ਬਾਹਰ ਰੋਜ਼ਮਰ੍ਹਾ ਦੀਆਂ ਜ਼ਰੂਰੀ ਵਸਤਾਂ ਨੂੰ ਛੋਟ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਦੁੱਧ, ਦੁੱਧ ਦੀਆਂ ਡਾਇਰੀਆਂ ਸ਼ਰਤਾਂ ਦੇ ਆਧਾਰ 'ਤੇ ਹਫ਼ਤੇ ਦੇ ਸਾਰੇ ਦਿਨ ਸਵੇਰੇ 5 ਵਜੇ ਤੋਂ ਰਾਤ 7 ਵਜੇ ਤੱਕ, ਫਲ ਅਤੇ ਸਬਜ਼ੀਆਂ, ਦਵਾਈਆਂ ਦੀਆਂ ਦੁਕਾਨਾਂ, ਮੀਟ ਅਤੇ ਪੋਲਟਰੀ, ਪਸ਼ੂਆਂ ਲਈ ਹਰਾ ਚਾਰਾ, ਤੂੜੀ, ਫੀਡ, ਖਾਦ ਬੀਜ, ਕੀੜੇਮਾਰ ਦਵਾਈਆਂ ਦੀਆਂ ਦੁਕਾਨਾਂ ਅਤੇ ਕੋਲਡ ਸਟੋਰ ਅਤੇ ਵੇਅਰਹਾਊਸ ਸ਼ਰਤਾਂ ਦੇ ਅਧਾਰ 'ਤੇ ਹਫ਼ਤੇ ਦੇ ਸਾਰੇ ਦਿਨ ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਤਕ ਖੁੱਲ੍ਹੀਆਂ ਰਹਿਣਗੀਆਂ।

ਗੁਰਪਾਲ ਸਿੰਘ ਚਹਿਲ ਨੇ ਕਿਹਾ ਕਿ ਸ਼ਰਾਬ ਦੇ ਠੇਕੇ ਪਹਿਲਾਂ ਜਾਰੀ ਸ਼ਰਤਾਂ ਦੇ ਆਧਾਰ 'ਤੇ ਹਫ਼ਤੇ ਦੇ ਸਾਰੇ ਦਿਨ ਸਵੇਰੇ 8 ਵਜੇ ਤੋਂ ਰਾਤ ਦੇ 8 ਵਜੇ ਤੱਕ ਖੁਲ੍ਹੇ ਰਹਿਣਗੇ। ਉਨ੍ਹਾਂ ਦੱਸਿਆ ਕਿ ਵਰਜਿਤ ਸ਼੍ਰੇਣੀਆਂ ਤੋਂ ਸਾਰੀਆਂ ਦੁਕਾਨਾਂ (ਸ਼ਹਿਰੀ ਅਤੇ ਪੇਂਡੂ ਖੇਤਰ ਵਿੱਚ) ਲਾਕਡਾਊਨ ਦੌਰਾਨ ਸੋਮਵਾਰ ਤੋਂ ਸ਼ਨੀਵਾਰ ਤੱਕ ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਤੱਕ ਖੋਲ੍ਹਣ ਦੀ ਪ੍ਰਵਾਨਗੀ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਹ ਪ੍ਰਵਾਨਗੀ ਕੰਟੇਨਮੈਂਟ ਜ਼ੋਨ 'ਤੇ ਲਾਗੂ ਨਹੀਂ ਹੋਵੇਗੀ। ਪ੍ਰਵਾਨਿਤ ਦੁਕਾਨਾਂ ਸਿਰਫ਼ 50 ਫੀਸਦੀ ਸਟਾਫ਼ ਸਮੇਤ ਖੋਲ੍ਹੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਹਰੇਕ ਦੁਕਾਨਦਾਰ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਉਨ੍ਹਾਂ ਵੱਲੋਂ ਸਰਕਾਰ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਦੁਕਾਨ ਅੰਦਰ ਮਾਸਕ ਪਹਿਣਨਾ, ਸਮਾਜਿਕ ਦੂਰੀ, ਸੈਨੇਟਾਈਜ਼ਰ ਦੀ ਵਰਤੋਂ, ਹੱਥ ਧੋਣ ਦਾ ਪ੍ਰਬੰਧ ਕਰਨਾ, ਦੁਕਾਨ ਅੰਦਰ 2 ਤੋਂ ਵੱਧ ਵਿਅਕਤੀਆਂ ਦਾ ਇੱਕੋ ਸਮੇ ਨਾ ਹੋਣਾ, ਹੱਥਾਂ 'ਤੇ ਦਸਤਾਨੇ ਪਹਿਨ ਕੇ ਰੱਖਣਾ, ਦੁਕਾਨ, ਕਾਰੋਬਾਰੀ ਸਥਾਨ ਨੂੰ ਰੋਜ਼ਾਨਾ ਸਮੇਂ-ਸਮੇਂ 'ਤੇ ਸੈਨੇਟਾਈਜ਼ ਕਰਕੇ ਰੱਖਣ ਨੂੰ ਯਕੀਨੀ ਬਣਾਇਆ ਜਾਵੇ।ਉਨ੍ਹਾਂ ਦੱਸਿਆ ਕਿ ਕਿਸੇ ਵੀ ਵਿਅਕਤੀ, ਸਟਾਫ਼ ਜਿਸ ਨੂੰ ਖੰਘ, ਗਲਾ ਖ਼ਰਾਬ, ਜ਼ੁਕਾਮ, ਬੁਖ਼ਾਰ ਆਦਿ ਹੋਵੇ, ਉਸ ਨੂੰ ਦੁਕਾਨ, ਕਾਰੋਬਾਰ ਅੰਦਰ ਦਾਖਲ ਨਾ ਕਰਨਾ ਦੁਕਾਨਦਾਰ ਦੀ ਨਿੱਜੀ ਜ਼ਿੰਮੇਵਾਰੀ ਸਮਝੀ ਜਾਵੇਗੀ।

ਉਨ੍ਹਾਂ ਦੱਸਿਆ ਕਿ ਸਾਰੇ ਸਰਕਾਰੀ ਅਤੇ ਪ੍ਰਰਾਈਵੇਟ ਬੈਂਕ, ਇਨਸ਼ੋਰੈਂਸ ਫਾਈਨੈਂਸ ਕੰਪਨੀਆਂ, ਕੋਰੀਅਰ ਪੋਸਟਲ ਸੇਵਾਵਾਂ ਅਤੇ ਈ-ਕਾਮਰਸ ਆਪਣੇ ਆਪਣੇ ਨਿਯਮਿਤ ਸਮੇਂ ਅਤੇ ਦਿਨਾਂ ਅਨੁਸਾਰ ਖੁਲ੍ਹਣਗੇ। ਇਸ ਤੋਂ ਇਲਾਵਾ ਸਰਕਾਰੀ (ਕੇਂਦਰੀ ਅਤੇ ਰਾਜ ਸਰਕਾਰ) ਅਤੇ ਨਿੱਜੀ ਦਫ਼ਤਰ, ਵਿੱਦਿਅਕ ਅਦਾਰੇ (ਕੇਵਲ ਦਫ਼ਤਰੀ ਕਾਰਜਾਂ ਕਿਤਾਬਾਂ ਦੀ ਵੰਡ ਅਤੇ ਆਨ-ਲਾਈਨ ਪੜ੍ਹਾਈ ਲਈ) ਆਪਣੇ ਆਪਣੇ ਨਿਯਮਿਤ ਅਤੇ ਦਿਨਾਂ ਅਨੁਸਾਰ ਖੁਲ੍ਹਣਗੇ। ਉਨ੍ਹਾਂ ਦੱਸਿਆ ਕਿ ਪ੍ਰਰਾਹੁਣਾਚਾਰੀ ਸੇਵਾਵਾਂ, ਸਿਨੇਮਾ ਹਾਲ, ਜਿੰਮ, ਸਵੀਮਿੰਗ ਪੂਲਜ਼, ਮਨੋਰੰਜਨ ਪਾਰਕ, ਕਲੱਬ, ਥਿਏਟਰ, ਬਾਰ, ਆਡੀਓਟੋਰੀਅਮ, ਐਸੰਬਲੀ ਹਾਲ ਅਤੇ ਹੋਰ ਸਮਾਜਿਕ, ਧਾਰਮਿਕ, ਰਾਜਨੀਤਿਕ, ਖੇਡਾਂ, ਮਨੋਰੰਜਨ, ਵਿੱਦਿਅਕ ਜਾਂ ਸਭਿਆਚਾਰਕ ਸਮਾਗਮ ਜਾਂ ਇੱਕਠ ਆਦਿ ਅਗਲੇ ਹੁਕਮਾਂ ਤੱਕ ਬੰਦ ਰਹਿਣਗੇ। ਉਨ੍ਹਾਂ ਦੱਸਿਆ ਕਿ ਸਪੋਰਟਸ ਕੰਪਲੈਕਸ, ਸਟੇਡੀਅਮ ਨੂੰ ਬਿਨ੍ਹਾਂ ਦਰਸ਼ਕਾਂ ਤੋਂ ਖੋਲ੍ਹਣ ਦੀ ਪ੍ਰਵਾਨਗੀ ਪਹਿਲਾਂ ਜਾਰੀ ਹਦਾਇਤਾਂ ਅਨੁਸਾਰ ਹੀ ਰਹੇਗੀ।ਉਨ੍ਹਾਂ ਦੱਸਿਆ ਕਿ ਬਾਕੀ ਸ਼ਰਤਾਂ ਪਹਿਲਾਂ ਜਾਰੀ ਹੁਕਮਾਂ ਅਨੁਸਾਰ ਲਾਗੂ ਰਹਿਣਗੀਆਂ। ਉਨ੍ਹਾਂ ਦੱਸਿਆ ਕਿ ਉਕਤ ਤੋਂ ਇਲਾਵਾ ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਜੇਕਰ ਕੋਈ ਵਿਅਕਤੀ ਜਨਤਕ ਸਥਾਨ 'ਤੇ ਬਿਨ੍ਹਾਂ ਮਾਸਕ ਤੋਂ ਪਾਇਆ ਜਾਂਦਾ ਹੈ ਅਤੇ ਜਨਤਕ ਥਾਵਾਂ 'ਤੇ ਥੁੱਕਣ ਵਾਲੇ ਨੂੰ 500 ਰੁਪਏ ਜ਼ੁਰਮਾਨਾ ਕੀਤਾ ਜਾਵੇਗਾ। ਇਸ ਤੋਂ ਇਲਾਵਾ ਇਕਾਂਤਵਾਸ ਦੀ ਉਲੰਘਣਾ ਕਰਨ ਵਾਲੇ ਵਿਅਕਤੀ ਨੂੰ 2000 ਰੁਪਏ ਦਾ ਜ਼ੁਰਮਾਨਾ ਕੀਤਾ ਜਾਵੇਗਾ।