ਪੱਤਰ ਪ੍ਰਰੇਰਕ, ਬਠਿੰਡਾ : 22 ਦਿਨ ਪਹਿਲਾਂ ਵਿਆਹ ਕਰਵਾਉਣ ਵਾਲੇ 22 ਸਾਲਾ ਪਿੰਡ ਸਿਵੀਆਂ ਦੇ ਇਕ ਨੌਜਵਾਨ ਦੀ ਸ਼ੱਕੀ ਹਾਲਤ ਵਿਚ ਮੌਤ ਹੋ ਗਈ। ਬੀਤੇ ਐਤਵਾਰ ਨੂੰ ਸਵੇਰੇ ਨੌਜਵਾਨ ਨੂੰ ਅਚਾਨਕ ਉਲਟੀਆਂ ਲੱਗ ਗਈਆਂ ਅਤੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ, ਜਿੱਥੇ ਉਸ ਦੀ ਮੌਤ ਹੋ ਗਈ।

ਪਰਿਵਾਰਕ ਮੈਂਬਰਾਂ ਅਨੁਸਾਰ ਮਿ੍ਤਕ ਨੌਜਵਾਨ ਮਾਨਸਿਕ ਪਰੇਸ਼ਾਨ ਰਹਿੰਦਾ ਸੀ, ਜਿਸ ਦੀ ਵਾਈ ਵੀ ਚੱਲ ਰਹੀ ਸੀ। ਸ਼ਾਇਦ ਉਸ ਨੇ ਦਵਾਈ ਸਮਝ ਕੇ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ, ਜਿਸ ਕਾਰਨ ਮੌਤ ਹੋ ਗਈ। ਿਫ਼ਲਹਾਲ ਥਾਣਾ ਥਰਮਲ ਪੁਲਿਸ ਨੇ ਮਿ੍ਤਕ ਨੌਜਵਾਨ ਦੀ ਪਤਨੀ ਦੇ ਬਿਆਨਾਂ 'ਤੇ ਆਈਪੀਸੀ ਦੀ ਧਾਰਾ 174 ਦੇ ਤਹਿਤ ਕਾਰਵਾਈ ਕਰਦੇ ਹੋਏ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ।

ਮਾਮਲੇ ਦੇ ਜਾਂਚ ਅਧਿਕਾਰੀ ਏਐੱਸਆਈ ਪਰਮਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਬਿਆਨ ਦੇ ਕੇ ਮਿ੍ਤਕ ਸ਼ੁਭਦੀਪ ਸਿੰਘ ਦੀ ਪਤਨੀ ਪਰਮਜੀਤ ਕੌਰ ਨੇ ਦੱਸਿਆ ਕਿ ਬੀਤੇ ਐਤਵਾਰ ਸਵੇਰੇ ਉਸ ਦਾ ਪਤੀ ਅਚਾਨਕ ਉਲਟੀਆਂ ਕਰਨ ਲੱਗਿਆ, ਜਿਸ ਦੇ ਬਾਅਦ ਉਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ। ਜਿੱਥੇ ਡਾਕਟਰਾਂ ਨੇ ਦੱਸਿਆ ਕਿ ਸ਼ੁਭਦੀਪ ਸਿੰਘ ਨੇ ਕੋਈ ਜ਼ਹਿਰੀਲੀ ਚੀਜ਼ ਖਾ ਲਈ ਹੈ, ਜਿਸ ਕਾਰਨ ਉਸਦੀ ਹਾਲਤ ਵਿਗੜ ਗਈ। ਹਾਲਤ ਕਾਫ਼ੀ ਗੰਭੀਰ ਹੋਣ 'ਤੇ ਦੁਪਹਿਰ ਬਾਅਦ ਉਨ੍ਹਾਂ ਦੀ ਹਸਪਤਾਲ ਵਿਚ ਮੌਤ ਹੋ ਗਈ। ਪਰਮਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਨੇ ਕੀ ਖਾਧਾ ਹੈ, ਉਸ ਦੇ ਬਾਰੇ ਵਿਚ ਉਹ ਕੁਝ ਨਹੀਂ ਜਾਣਦੀ ਹੈ। ਏਐੱਸਆਈ ਪਰਮਜੀਤ ਸਿੰਘ ਨੇ ਦੱਸਿਆ ਕਿ ਮੌਤ ਦੇ ਸਹੀ ਕਾਰਨਾਂ ਦਾ ਪਤਾ ਪੋਸਟਮਾਰਟਮ ਰਿਪੋਰਟ ਦੇ ਆਉਣ ਬਾਅਦ ਹੀ ਚੱਲੇਗਾ।