ਗੁਰਵਿੰਦਰ ਚਹਿਲ, ਹੀਰੋਂ ਖੁਰਦ : ਸਰਕਾਰੀ ਸੈਕੰਡਰੀ ਸਕੂਲ ਹੀਰੋਂ ਖੁਰਦ ਵਿਖੇ ਨਵੇਂ ਆਏ ਪਿ੍ਰੰਸੀਪਲ ਦਿਆਲ ਸਿੰਘ ਵੱਲੋਂ ਪਿੰਡ ਦੀ ਪੰਚਾਇਤ ਨਾਲ ਵਿਸ਼ੇਸ਼ ਗੱਲਬਾਤ ਕੀਤੀ। ਜਾਣਕਾਰੀ ਦਿੰਦਿਆਂ ਪਿ੍ਰੰਸੀਪਲ ਦਿਆਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਥੋੜ੍ਹੇ ਦਿਨ ਪਹਿਲਾਂ ਹੀ ਇਸ ਸਕੂਲ ਵਿਚ ਅਹੁਦਾ ਸੰਭਾਲਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲ ਆਮ ਲੋਕਾਂ ਦੇ ਸਹਿਯੋਗ ਤੋਂ ਬਿਨ੍ਹਾਂ ਨਹੀਂ ਚੱਲ ਸਕਦੇ। ਉਨ੍ਹਾਂ ਦੱਸਿਆ ਕਿ ਸੂਬੇ ਦੇ ਸਿੱਖਿਆ ਸਕੱਤਰ ਕਿ੍ਸ਼ਨ ਕੁਮਾਰ ਵੱਲੋਂ ਵੀ ਉਨ੍ਹਾਂ ਨੂੰ ਸਖ਼ਤ ਹਦਾਇਤਾਂ ਹਨ ਕਿ ਉਹ ਲੋਕਾਂ ਦੇ ਸਹਿਯੋਗ ਨਾਲ ਸਕੂਲਾਂ ਨੂੰ ਤਰੱਕੀਆਂ ਵੱਲ ਲੈ ਕੇ ਜਾਣ। ਜਿਸ ਕਰਕੇ ਗ੍ਰਾਮ ਪੰਚਾਇਤ, ਕਲੱਬਾਂ, ਸਮਾਜ ਸੇਵੀਆਂ ਤੇ ਦਾਨੀਆਂ ਨੂੰ ਸਕੂਲ ਵੱਲ ਖਾਸ ਤਵੱਜ਼ੋਂ ਦੇਣ ਦੀ ਜਰੂਰਤ ਹੈ ਤਾਂ ਕਿ ਉੱਥੋਂ ਦੀਆਂ ਮੁੱਢਲੀਆਂ ਸਹੂਲਤਾਂ ਪੂਰੀਆਂ ਕੀਤੀਆਂ ਜਾ ਸਕਣ। ਸਰਪੰਚ ਜਗਰਾਜ ਸਿੰਘ ਭੋਲਾ, ਪੰਚ ਜਸਵਿੰਦਰ ਸਿੰਘ ਮੱਖਣ, ਪੰਚ ਮੱਖਣ ਸਿੰਘ ਤੇ ਹੈਪੀ ਸਿੰਘ ਨੇ ਦੱਸਿਆ ਕਿ ਪੰਚਾਇਤ ਬਣਨ ਸਾਰ ਉਨ੍ਹਾਂ ਸਭ ਤੋਂ ਪਹਿਲਾਂ ਸਕੂਲ ਦੀਆਂ ਲੋੜਾਂ ਪੂਰੀਆਂ ਕਰਨ ਵੱਲ ਧਿਆਨ ਦਿੱਤਾ ਹੈ ਤੇ ਅੱਗੇ ਤੋਂ ਜੋ ਵੀ ਜ਼ਰੂਰਤ ਹੋਵੇਗੀ ਤਾਂ ਪੰਚਾਇਤ ਇਸ ਵਾਸਤੇ ਹਾਜ਼ਰ ਹੈ। ਉਨ੍ਹਾਂ ਸਕੂਲ ਦੇ ਪਿ੍ਰੰਸੀਪਲ ਦਿਆਲ ਸਿੰਘ ਤੇ ਸਟਾਫ ਨੂੰ ਭਰੋਸਾ ਦਿੰਦਿਆਂ ਕਿਹਾ ਕਿ ਉਹ ਸਕੂਲ ਦੀ ਬਿਹਤਰੀ ਲਈ ਹਰ ਤਰ੍ਹਾਂ ਦੇ ਯਤਨ ਜੁਟਾਉਣ ਲਈ ਪਾਬੰਦ ਹਨ। ਇਸ ਮੌਕੇ ਸਕੂਲ ਦਾ ਸਟਾਫ ਵੀ ਮੌਜੂਦ ਸੀ।