ਪੱਤਰ ਪ੍ਰਰੇਰਕ, ਮਾਨਸਾ : ਪੰਜਾਬ ਸਰਕਾਰ ਤੇ ਸਿਹਤ ਵਿਭਾਗ ਵੱਲੋਂ ਟੀਬੀ ਜਾਗਰੂਕਤਾ ਤੇ ਟੀਬੀ ਦੇ ਸ਼ੱਕੀ ਮਰੀਜ਼ਾਂ ਦਾ ਜਲਦ ਪਤਾ ਲਗਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਇਸ ਤਹਿਤ ਸਿਵਲ ਹਸਪਤਾਲ ਮਾਨਸਾ ਵਿਖੇ ਪਹੁੰਚੀ ਟੀਬੀ ਮੋਬਾਈਲ (ਸੀਬੀਨੈੱਟ) ਜਾਗਰੂਕਤਾ ਵੈਨ ਨੂੰ ਡਾ. ਅਸ਼ੋਕ ਕੁਮਾਰ ਐੱਸਐੱਮਓ ਨੇ ਹਰੀ ਝੰਡੀ ਦੇ ਕੇ ਵੱਖ-ਵੱਖ ਇਲਾਕਿਆਂ ਨੂੰ ਰਵਾਨਾ ਕੀਤਾ। ਇਸ ਮੌਕੇ ਡਾ. ਅਸ਼ੋਕ ਕੁਮਾਰ ਐੱਸਐੱਮਓ ਨੇ ਦੱਸਿਆ ਕਿ ਇਸ ਵੈਨ 'ਚ 2 ਹਫ਼ਤੇ ਤੋਂ ਲਗਾਤਾਰ ਪੁਰਾਣੀ ਖੰਘ, ਬੁਖਾਰ, ਭਾਰ ਘਟਣਾ ਦੇ ਸ਼ੱਕੀ ਮਰੀਜ਼ ਟੈਸਟ ਬਿਲਕੁਲ ਮੁਫ਼ਤ ਵੈਨ 'ਚ ਟੀਮ ਕੋਲੋਂ ਮੌਕੇ 'ਤੇ ਕਰਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਵਧੀਆ ਉਪਰਾਲਾ ਹੈ ਤੇ ਮੌਕੇ 'ਤੇ ਹੀ ਜਾਂਚ ਕਰਕੇ ਮਰੀਜ਼ ਨੂੰ ਦਵਾਈ ਸ਼ੁਰੂ ਕਰ ਦਿੱਤੀ ਜਾਵੇਗੀ। ਜ਼ਿਲ੍ਹਾ ਟੀਬੀ ਅਫਸਰ ਡਾ. ਨਿਸ਼ੀ ਸੂਦ ਨੇ ਕਿਹਾ ਕਿ ਮਰੀਜ਼ ਆਪਣੀ ਬਲਗਮ ਟੈਸਟ ਕਰਵਾ ਕੇ ਟੀਬੀ ਹੋਣ ਬਾਰੇ ਪਤਾ ਕਰ ਸਕਦੇ ਹਨ ਤੇ ਆਪਣਾ ਇਲਾਜ ਮੁਫ਼ਤ ਤੇ ਜਲਦੀ ਕਰਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਟੀਬੀ ਦੇ ਲੱਛਣ ਤੇ ਇਲਾਜ ਬਾਰੇ ਲੋਕਾਂ ਨੂੰ ਇਹ ਵੈਨ ਜਾਗਰੂਕ ਕਰੇਗੀ ਤੇ ਇਲਾਜ 'ਚ ਦੇਰੀ ਹੋ ਜਾਣ ਜਾਂ ਅੱਧ 'ਚ ਦਵਾਈ ਛੱਡ ਚੁੱਕੇ ਮਰੀਜ਼ਾਂ ਨੂੰ ਵੀ ਦੁਬਾਰਾ ਜਾਂਚ ਕਰਕੇ ਇਲਾਜ ਬਾਰੇ ਦੱਸੇਗੀ। ਇਸ ਮੌਕੇ ਜਗਦੀਸ਼ ਕੁਲਰੀਆਂ, ਸੁਰਿੰਦਰ ਕੁਮਾਰ, ਇੰਦਰਜੀਤ ਕੌਰ, ਬੂਟਾ ਸਿੰਘ, ਗੁਰਬਵਿੰਦਰ ਕੌਰ ਹਾਜ਼ਰ ਸਨ।