-ਡਿਪਟੀ ਕਮਿਸ਼ਨਰ ਨੇ ਸੀਨੀਅਰ ਸਿਟੀਜ਼ਨਾਂ, ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਕੀਤੀ ਮੀਟਿੰਗ

ਕੁਲਜੀਤ ਸਿੰਘ ਸਿੱਧੂ, ਮਾਨਸਾ : ਸਮਾਜ ਦੇ ਸਾਰੇ ਵਰਗਾਂ ਪ੍ਰਤੀ ਆਪਣੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਪੰਜਾਬ ਸਰਕਾਰ ਵੱਲੋਂ ਰਮਦਿੱਤੇ ਵਾਲਾ ਚੌਂਕ ਨੇੜੇ 5 ਏਕੜ ਰਕਬੇ 'ਚ ਬਜ਼ੁਰਗਾਂ ਲਈ ਇਕ ਬਿਰਧ ਆਸ਼ਰਮ ਬਣਾਇਆ ਜਾ ਰਿਹਾ ਹੈ। ਜਿਸ 'ਚ 150 ਬਿਸਤਰਿਆਂ ਦੀ ਸਹੂਲਤ ਦੇ ਨਾਲ-ਨਾਲ ਬਜ਼ੁਰਗਾਂ ਲਈ ਬੈਠਣ ਦੀ ਜਗ੍ਹਾ ਦੀ ਵੀ ਸੁਵਿਧਾ ਹੋਵੇਗੀ ਜਿੱਥੇ ਬਜ਼ੁਰਗ ਇਕੱਠੇ ਬੈਠ ਸਕਦੇ ਹਨ ਤੇ ਇਕ ਦੂਜੇ ਦੀ ਸੰਗਤ ਦਾ ਆਨੰਦ ਲੈ ਸਕਦੇ ਹਨ।ਡੀਸੀ ਮਾਨਸਾ ਅਪਨੀਤ ਰਿਆਤ ਨੇ ਮੰਗਲਵਾਰ ਨੂੰ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਸੀਨੀਅਰ ਸਿਟੀਜ਼ਨਾਂ ਦੀ ਸੀਨੀਅਰ ਸਿਟੀਜ਼ਨ ਐਕਟ 2007 ਦੀਆਂ ਵੱਖ-ਵੱਖ ਭਲਾਈ ਸਕੀਮਾਂ ਬਾਰੇ ਵਿਚਾਰ ਵਟਾਂਦਰੇ ਲਈ ਬੁਲਾਈ ਗਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ ਨਗਰ ਕੌਂਸਲ ਮਾਨਸਾ ਨੇ 5 ਏਕੜ ਜ਼ਮੀਨ ਮੁਫ਼ਤ ਦਿੱਤੀ ਹੈ ਜਿਸ 'ਚ ਉਸਾਰੀ ਕੀਤੀ ਗਈ ਹੈ।ਇਸ ਮਹੀਨੇ ਦੇ ਅੰਤ ਤਕ ਬਜ਼ੁਰਗਾਂ ਲਈ ਬਿਰਧ ਆਸ਼ਰਮ ਦੀ ਸ਼ੁਰੂਆਤ ਹੋਣ ਦੀ ਉਮੀਦ ਹੈ।ਉਨ੍ਹਾਂ ਦੱਸਿਆ ਕਿ ਸਾਰੀਆਂ ਸਹੂਲਤਾਂ ਬਿਨਾਂ ਕਿਸੇ ਕੀਮਤ ਦੇ ਮੁਫ਼ਤ ਮੁਹੱਈਆ ਕਰਵਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਸ਼ੁੱਕਰਵਾਰ ਨੂੰ ਸਿਵਲ ਹਸਪਤਾਲ ਮਾਨਸਾ ਵਿਖੇ ਬਜ਼ੁਰਗਾਂ ਲਈ ਵਿਸ਼ੇਸ਼ ਤੌਰ 'ਤੇ ਬਜ਼ੁਰਗ ਦਿਵਸ ਮਨਾਇਆ ਗਿਆ।ਹਰ ਸ਼ੁੱਕਰਵਾਰ ਨੂੰ ਬਜ਼ੁਰਗਾਂ ਨੂੰ ਸਮਰਪਿਤ ਸਟਾਫ ਦੁਆਰਾ ਉਨ੍ਹਾਂ ਦੀ ਜ਼ਰੂਰਤ ਅਨੁਸਾਰ ਸਬੰਧਿਤ ਡਾਕਟਰ ਕੋਲ ਲਿਜਾਇਆ ਜਾਵੇਗਾ।ਡੀਸੀ ਨੇ ਇਹ ਵੀ ਹਦਾਇਤ ਕੀਤੀ ਕਿ ਸਰਕਾਰੀ ਦਫ਼ਤਰਾਂ ਤੇ ਤਹਿਸੀਲਾਂ ਵਿਖੇ ਬਜ਼ੁਰਗਾਂ ਨੂੰ ਪਹਿਲ ਦਿੱਤੀ ਜਾਵੇ।ਇਸ ਤੋਂ ਇਲਾਵਾ ਡੀਸੀ ਨੇ ਕਿਹਾ ਕਿ ਸੀਨੀਅਰ ਸਿਟੀਜ਼ਨ ਐਕਟ 2007 ਦੀ ਵੈੱਲਫੇਅਰ ਤਹਿਤ ਕੋਈ ਵੀ ਬਜ਼ੁਰਗ ਸਬੰਧਤ ਖੇਤਰ ਦੇ ਐੱਸਡੀਐੱਮ ਕੋਲ ਸ਼ਿਕਾਇਤ ਕਰ ਸਕਦਾ ਹੈ।ਸ਼ਿਕਾਇਤ ਤੋਂ ਬਾਅਦ ਐੱਸਡੀਐੱਮ ਇਸ ਦੀ ਵਿਸਥਾਰਤ ਜਾਂਚ ਕਰਨਗੇ ਤੇ ਬਜ਼ੁਰਗਾਂ ਨੂੰ ਨਿਆਂ ਦਿਵਾਉਣਗੇ।ਇਸ ਮੌਕੇ ਐੱਸਡੀਐੱਮ ਆਦਿੱਤਯ ਡੇਚਲਵਾਲ, ਐੱਸਡੀਐੱਮ ਸਰਦੂਲਗੜ੍ਹ ਰਾਜਪਾਲ ਸਿੰਘ, ਸਹਾਇਕ ਕਮਿਸ਼ਨਰ ਨਵਦੀਪ ਕੁਮਾਰ (ਐੱਸਡੀਐੱਮ ਮਾਨਸਾ ਦਾ ਚਾਰਜ), ਸਿਵਲ ਸਰਜਨ ਡਾ. ਲਾਲ ਚੰਦ ਠਕਰਾਲ, ਐੱਸਪੀ (ਐਚ) ਸਤਨਾਮ ਸਿੰਘ, ਜੀਐੱਲ ਜਿੰਦਲ, ਰਾਜ ਕੁਮਾਰ ਗਰਗ, ਬਾਬੂ ਲਾਲ ਸ਼ਰਮਾ, ਬਲਬੀਰ ਸਿੰਘ ਚਹਿਲ, ਤੀਰਥ ਮਿੱਤਲ, ਰੁਲਦੂ ਰਾਮ ਬਾਂਸਲ ਮੌਜੂਦ ਸਨ।