<

p> ਕੁਲਜੀਤ ਸਿੰਘ ਸਿੱਧੂ, ਮਾਨਸਾ : ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਮਾਨਸਾ ਵੱਲੋਂ ਮੁਫ਼ਤ ਕਾਨੂੰਨੀ ਸਹਾਇਤਾ ਦੇ ਪ੍ਰਸਾਰ ਹਿੱਤ ਮਾਤਾ ਸੁੰਦਰੀ ਯੂਨੀਵਰਸਿਟੀ ਗਰਲਜ਼ ਕਾਲਜ ਮਾਨਸਾ 'ਚ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਸੀਜੇਐੱਮ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅਮਨਦੀਪ ਸਿੰਘ ਸ਼ਾਮਲ ਹੋਏ। ਮੁੱਖ ਮਹਿਮਾਨ ਨੇ ਵਿਦਿਆਰਥੀਆਂ ਦੇ ਰੂ-ਬ-ਰੂ ਹੁੰਦਿਆਂ ਕਿਹਾ ਕਿ ਕਾਨੂੰਨੀ ਸਹਾਇਤਾ ਥੁੜਾਂ ਮਾਰੇ ਲੋਕਾਂ ਲਈ ਵਰਦਾਨ ਹੈ। ਲੋੋਕ ਇਸ ਦੀ ਵਰਤੋਂ ਆਪਣਾ ਹੱਕ ਸਮਝ ਕੇ ਕਰਨ। ਵਿਦਿਆਰਥੀ ਇਸ ਸਹਾਇਤਾ ਨੂੰ ਘਰ- ਘਰ ਪਹੁੰਚਾਉਣ 'ਚ ਆਪਣਾ ਯੋਗਦਾਨ ਦੇਣ। ਉਨ੍ਹਾਂ ਕਿਹਾ ਕਿ ਵੱਧ ਤੋਂ ਵੱਧ ਲੋਕ 14 ਦਸੰਬਰ ਨੂੰ ਜ਼ਿਲ੍ਹਾ ਤੇ ਸੈਸ਼ਨ ਜੱਜ ਮਨਦੀਪ ਪੰਨੂ ਦੀ ਅਗਵਾਈ 'ਚ ਲੱਗ ਰਹੀ ਜ਼ਿਲ੍ਹਾ ਪੱਧਰੀ ਕੌਮੀ ਲੋਕ ਅਦਾਲਤ 'ਚ ਵੱਧ ਤੋਂ ਵੱਧ ਕੇਸ ਲਗਵਾ ਕੇ ਆਪਣੇ ਝਗੜਿਆਂ ਦਾ ਨਿਪਟਾਰਾ ਕਰਨ ਤੇ ਕਿਸੇ ਵੀ ਸਹਾਇਤਾ ਲਈ ਟੋਲ ਫਰੀ ਨੰ: 1968 'ਤੇ ਗੱਲ ਕਰਨ। ਸੈਮੀਨਾਰ ਦੇ ਮੁੱਖ ਬੁਲਾਰੇ ਐਡਵੋਕੇਟ ਜਸਪਾਲ ਸਿੰਘ ਕੜਵਲ ਨੇ ਮੁਫ਼ਤ ਕਾਨੂੰਨੀ ਸਹਾਇਤਾ ਦੇ ਵੱਖ-ਵੱਖ ਪਹਿਲੂਆਂ 'ਤੇ ਵਿਸਥਾਰ ਸਹਿਤ ਚਰਚਾ ਕਰਦਿਆਂ ਕਿਹਾ ਕਿ ਜਾਣਕਾਰੀ ਦੀ ਘਾਟ ਕਾਰਨ ਲੋਕ ਮੁਫ਼ਤ ਕਾਨੂੰਨੀ ਸਹਾਇਤਾ ਤੋਂ ਵਾਂਝੇ ਹਨ। ਲੋੜਵੰਦ ਲੋਕ ਵੱਧ ਤੋ ਵੱਧ ਜਾਣਕਾਰੀ ਹਾਸਲ ਕਰ ਕੇ ਮੁਫ਼ਤ ਕਾਨੂੰਨੀ ਸਹਾਇਤਾ ਤੇ ਸਰਕਾਰ ਵੱਲੋ ਵੱਖ-ਵੱਖ ਕੇਸਾਂ 'ਚ ਦਿੱਤੇ ਜਾਦੇ ਮੁਆਵਜ਼ੇ ਹਾਸਲ ਕਰਨ। ਸਕੂਲ ਪਿ੍ਰੰਸੀਪਲ ਡਾ. ਬਰਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਪ੍ਰਰੇਰਣਾ ਦਿੱਤੀ ਕਿ ਉਹ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਚਲਾਈ ਜਾ ਰਹੀ ਪ੍ਰਚਾਰ ਮੁਹਿੰਮ ਦਾ ਹਿੱਸਾ ਬਣਨ। ਇਸ ਮੌਕੇ ਸੰਜੀਵ ਕੁਮਾਰ ਕਲਰਕ, ਡਾ. ਜਸਵਿੰਦਰ ਕੌਰ, ਹਰਵਿੰਦਰ ਕੌਰ, ਹਰਜੀਤ ਸਿੰਘ, ਜਸਦੀਪ ਸਿੰਘ, ਅਮਨਦੀਪ ਕੌਰ, ਰੁਪਿੰਦਰ ਕੌਰ, ਕੁਲਵਿੰਦਰ ਸਿੰਘ ਤੇ ਸਮੂਹ ਸਟਾਫ, ਪੀਐੱਲਵੀ ਹਰਵਿੰਦਰ ਕੌਰ ਆਦਿ ਹਾਜ਼ਰ ਸਨ। ਇਸ ਮੌਕੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਇਨ੍ਹਾਂ ਸਕੀਮਾਂ ਦੀ ਜਾਣਕਾਰੀ ਸਬੰਧੀ ਪੈਂਫਲੇਟ ਮੁਫ਼ਤ ਵੰਡਿਆ ਗਿਆ।