ਜਸਵਿੰਦਰ ਜੌੜਕੀਆਂ, ਸਰਦੂਲਗੜ੍ਹ : ਨਰਮਾ ਪੱਟੀ ਦੇ ਕਿਸਾਨ ਹਰ ਸਾਲ ਨਵੀਆਂ ਸਮੱਸਿਆਵਾਂ ਦਾ ਸਾਹਮਣਾ ਕਰਦੇ ਹਨ। ਨਰਮੇ ਦੀ ਬਿਜਾਈ ਤੋਂ ਲੈ ਕੇ ਨਰਮੇ ਦੀ ਚੁਗਾਈ ਤਕ ਅਨੇਕਾਂ ਹੀ ਸਮੱਸਿਆਵਾਂ ਨਰਮਾ ਪੱਟੀ ਦੇ ਕਿਸਾਨਾਂ ਦੀ ਆਰਥਿਕ ਸਥਿਤੀ ਨੂੰ ਢਾਹ ਲਾਉਂਦੀਆਂ ਹਨ। ਇਸ ਸਾਲ ਵੀ ਜਿੱਥੇ ਨਰਮੇ ਦੀ ਫ਼ਸਲ ਨੂੰ ਚਿੱਟੇ ਮੱਛਰ ਅਤੇ ਝੁਲਸ ਰੋਗ ਨੇ ਵੱਡੀ ਢਾਅ ਲਾਈ ਹੁਣ ਨਰਮਾ ਚੁਗਾਈ ਕਰਨ ਵਾਲੇ ਮਜ਼ਦੂਰਾਂ ਦੀ ਘਾਟ ਕਰਕੇ ਕਿਸਾਨਾਂ ਦਾ ਚਿੱਟਾ ਸੋਨਾ ਖੇਤਾਂ 'ਚ ਰੁਲ ਰਿਹਾ ਹੈ। ਦੂਜੇ ਸੂਬਿਆਂ ਤੋਂ ਆਏ ਮਜ਼ਦੂਰ ਪਿਛਲੇ ਦਿਨੀਂ ਪਈ ਠੰਢ ਕਰਕੇ ਆਪਣੇ ਆਪਣੇ ਸੂਬਿਆਂ ਨੂੰ ਚਲੇ ਗਏ ਹਨ ਅਤੇ ਪਿੰਡਾਂ ਦੇ ਮਜ਼ਦੂਰ ਦਿਨ ਛੋਟੇ ਹੋਣ ਕਰਕੇ ਦਿਹਾੜੀ ਪੂਰੀ ਨਾ ਪੈਣ ਕਰਕੇ ਨਰਮਾ ਚੁਗਾਈ ਤੋਂ ਨੱਕ ਵੱਟ ਰਹੇ ਹਨ। ਜਿਸ ਕਰਕੇ ਹੁਣ ਤਕ ਵੀ ਨਰਮਾ ਪੱਟੀ ਦੇ ਕਾਫ਼ੀ ਕਿਸਾਨਾਂ ਦਾ ਨਰਮਾ ਚੁਗਣ ਤੋਂ ਖੜ੍ਹਾ ਹੈ। ਪਹਿਲਾਂ ਮਜ਼ਦੂਰਾਂ ਵੱਲੋਂ ਕਿਸਾਨਾਂ ਦਾ ਨਰਮਾ ਤੁਲਾਈ ਦਾ ਰੇਟ ਕਰਕੇ ਹੀ ਚੁੱਕਿਆ ਜਾ ਰਿਹਾ ਸੀ, ਪਰ ਹੁਣ ਦਿਨ ਛੋਟੇ ਹੋਣ ਕਰਕੇ ਅਤੇ ਮਜ਼ਦੂਰਾਂ ਦੀ ਘਾਟ ਪੈਣ ਕਰਕੇ ਨਰਮਾ ਚੁਗਾਈ ਲਈ ਦਿਹਾੜੀ ਦੀ ਮੰਗ ਕੀਤੀ ਜਾ ਰਹੀ ਹੈ। ਜਿਸ ਕਰਕੇ ਕਿਸਾਨਾਂ ਤੇ ਹੋਰ ਆਰਥਿਕ ਬੋਝ ਪੈ ਰਿਹਾ ਹੈ। ਨਰਮੇ ਦੀ ਚੁਗਾਈ ਲੇਟ ਹੋਣ ਕਰਕੇ ਕਿਸਾਨਾਂ ਦੇ ਕਣਕ ਦੀ ਬਿਜਾਈ ਲਈ ਖੇਤ ਵਿਹਲੇ ਨਹੀਂ ਹੋ ਰਹੇ ਹਨ। ਜਿਸ ਕਰਕੇ ਕਣਕ ਦੀ ਬਿਜਾਈ ਵੀ ਪਛੜ ਰਹੀ ਹੈ। ਕਣਕ ਦੀ ਬਿਜਾਈ ਲੇਟ ਹੋਣ ਦਾ ਸਿੱਧਾ ਅਸਰ ਕਣਕ ਦੇ ਝਾੜ ਉੱਪਰ ਪਵੇਗਾ। ਜਿਸ ਨਾਲ ਕਿਸਾਨਾਂ ਦੀ ਪਹਿਲਾਂ ਤੋਂ ਹੀ ਖ਼ਰਾਬ ਆਰਥਿਕ ਸਥਿਤੀ ਤੇ ਹੋਰ ਜ਼ਿਆਦਾ ਅਸਰ ਪਵੇਗਾ। ਪਿਛਲੇ ਦਿਨੀਂ ਹੋਈ ਬਾਰਿਸ਼ ਨੇ ਵੀ ਨਰਮੇ ਦੀ ਖੜ੍ਹੀ ਫਸਲ ਨੂੰ ਖ਼ਰਾਬ ਕੀਤਾ ਅਤੇ ਕਣਕ ਦੀ ਬਿਜਾਈ ਨੂੰ ਲੇਟ ਕੀਤਾ ਹੈ।