ਪਿ੍ਰਤਪਾਲ ਸਿੰਘ, ਮਾਨਸਾ : ਵਿਸ਼ਵ ਆਇਓਡੀਨ ਦਿਵਸ ਮੌਕੇ ਸਿਵਲ ਹਸਪਤਾਲ ਮਾਨਸਾ ਵਿਖੇ ਐੱਸਐੱਮਓ ਡਾ. ਅਸ਼ੋਕ ਕੁਮਾਰ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪੱਧਰੀ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਸਿਵਲ ਸਰਜਨ ਮਾਨਸਾ ਡਾ. ਲਾਲ ਚੰਦ ਠੁਕਰਾਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।

ਸਿਵਲ ਸਰਜਨ ਡਾ. ਲਾਲ ਚੰਦ ਠੁਕਰਾਲ ਨੇ ਆਇਓਡੀਨ ਦੀ ਮਹੱਤਤਾ ਬਾਰੇ ਵਿਸਥਾਰ 'ਚ ਜਾਣਕਾਰੀ ਦਿੰਦਿਆਂ ਹਰ ਵਿਅਕਤੀ ਨੂੰ ਆਇਓਡੀਨ ਵਾਲੀਆਂ ਵਸਤਾਂ ਜ਼ਿਆਦਾ ਮਾਤਰਾ 'ਚ ਲੈਣ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਦੁੱਧ, ਦਹੀਂ, ਮੱਛੀ ਤੇ ਸਮੁੰਦਰੀ ਭੋਜਨ 'ਚ ਆਇਓਡੀਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਤੇ ਸਰੀਰਕ ਤੰਦਰੁਸਤੀ ਲਈ ਇਨ੍ਹਾਂ ਵਸਤਾਂ ਦਾ ਸੇਵਨ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਆਇਓਡੀਨ ਦੀ ਕਮੀ ਨਾਲ ਗਰਭਵਤੀ ਅੌਰਤਾਂ 'ਚ ਗਰਭਪਾਤ ਹੋੋਣ, ਜਮਾਂਦਰੂ ਨੁਕਸ ਵਾਲਾ ਜਾਂ ਮਰਿਆ ਹੋਇਆ ਬੱਚਾ ਪੈਦਾ ਹੋਣ ਦੀਆਂ ਸੰਭਾਵਨਾਵਾਂ ਵਧ ਜਾਂਦੀਆਂ ਹਨ। ਸੈਮੀਨਾਰ ਨੂੰ ਸੰਬੋਧਨ ਕਰਦਿਆਂ ਸੀਨੀਅਰ ਮੈਡੀਕਲ ਅਫ਼ਸਰ ਡਾ. ਅਸ਼ੋਕ ਕੁਮਾਰ ਨੇ ਕਿਹਾ ਕਿ ਇਕ ਆਮ ਵਿਅਕਤੀ ਨੂੰ 150 ਮਾਈਕ੍ਰੋਗ੍ਰਾਮ, ਗਰਭਵਤੀ ਅੌਰਤਾਂ ਨੂੰ 220 ਮਾਈਕ੍ਰੋਗ੍ਰਾਮ ਤੇ ਬੱਚੇ ਨੂੰ ਦੁੱਧ ਪਿਲਾਉਣ ਵਾਲੀਆਂ ਮਾਵਾਂ ਨੂੰ 290 ਮਾਈਕ੍ਰੋਗ੍ਰਾਮ ਆਇਓਡੀਨ ਹਰ ਰੋਜ਼ ਲੈਣੀ ਜਰੂਰੀ ਹੈ। ਘਰਾਂ ਅੰਦਰ ਭੋਜਨ 'ਚ ਆਇਓਡੀਨ ਵਾਲੇ ਨਮਕ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਆਇਓਡੀਨ ਦੀ ਕਮੀ ਨਾਲ ਗਿੱਲ੍ਹੜ ਤੇ ਸੋਜਿਸ਼ ਰੋਗ ਹੋ ਸਕਦਾ ਹੈ। ਇਸ ਤੋਂ ਇਲਾਵਾ ਆਇਓਡੀਨ ਦੀ ਘਾਟ ਨਾਲ ਥਾਇਰਾਇਡ ਹਾਰਮੋਨ ਦੀ ਕਮੀ ਹੋ ਜਾਂਦੀ ਹੈ , ਜਿਸ ਨਾਲ ਕਮਜ਼ੋਰੀ ਤੇ ਪੇਟ ਖ਼ਰਾਬ ਹੋਣ ਦੀ ਸਮੱਸਿਆ ਬਣ ਸਕਦੀ ਹੈ। ਐੱਸਐੱਮਓ ਨੇ ਕਿਹਾ ਕਿ ਗਰਭਵਤੀ ਅੌਰਤਾਂ 'ਚ ਆਇਓਡੀਨ ਦੀ ਕਮੀ ਨਾਲ ਬੱਚਾ ਮੰਦਬੁੱਧੀ, ਗੂੰਗਾ, ਬੋਲਾ ਤੇ ਬੌਣਾ ਪੈਦਾ ਹੋ ਸਕਦਾ ਹੈ। ਇਸ ਮੌਕੇ ਆਇਓਡੀਨ ਦੀ ਵਰਤੋਂ ਯਕੀਨੀ ਬਣਾਉਣ ਤੇ ਇਸ ਦੀ ਕਮੀ ਨਾਲ ਮਨੁੱਖੀ ਸਿਹਤ 'ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਉਂਦੇ ਪੈਂਫਲਿਟ ਵੀ ਵੰਡੇ ਗਏ। ਸੈਮੀਨਾਰ ਦੌਰਾਨ ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਸੁਖਮਿੰਦਰ ਸਿੰਘ, ਬਲਾਕ ਮਾਸ ਮੀਡੀਆ ਅਫ਼ਸਰ ਹਰਬੰਸ ਲਾਲ, ਚੀਫ ਫਾਰਮਾਸਿਸਟ ਕ੍ਰਿਸ਼ਨ ਕੁਮਾਰ, ਹਸਪਤਾਲ ਦੇ ਸਟਾਫ ਤੋਂ ਇਲਾਵਾ ਵੱਡੀ ਗਿਣਤੀ 'ਚ ਆਮ ਲੋਕ ਹਾਜ਼ਰ ਸਨ।