ਗੁਰਵਿੰਦਰ ਸਿੰਘ ਚਹਿਲ, ਹੀਰੋਂ ਖੁਰਦ : ਪੰਜਾਬ ਦੇ ਵੱਖ-ਵੱਖ ਖੇਡ ਮੇਲਿਆਂ 'ਚ ਕਬੱਡੀ ਕੁਮੈਂਟੇਟਰ ਦੇ ਤੌਰ 'ਤੇ ਮਿੱਠੇ ਬੋਲਾਂ ਨਾਲ ਦਰਸ਼ਕਾਂ ਦਾ ਮਨ ਮੋਹ ਲੈਣ ਵਾਲਾ ਗੁਰਜੀਤ ਬੱਪੀਆਣਾ ਬਿਮਾਰੀ ਕਾਰਨ ਚੁੱਪ ਹੈ। ਕਈ ਮਾਨ-ਸਨਮਾਨ ਪ੍ਰਾਪਤ ਕਰਨ ਵਾਲਾ ਗੁਰਜੀਤ ਅੱਜ ਇਕ ਸ਼ਬਦ ਵੀ ਨਹੀਂ ਬੋਲ ਸਕਦਾ। ਬੀਤੇ ਸਾਲ ਗੁਰਜੀਤ ਨੂੰ ਦਿਮਾਗੀ ਦੌਰਾ ਪੈਣ ਕਾਰਨ ਉਹ ਮੰਜੇ ਨਾਲ ਜੁੜ ਗਿਆ। ਦੇਸ਼-ਵਿਦੇਸ਼ ਦੇ ਖੇਡ ਪ੍ਰੇਮੀਆਂ ਤੇ ਪਿੰਡ ਵਾਸੀਆਂ ਦੇ ਸਹਿਯੋਗ ਸਦਕਾ ਉਸ ਦੇ ਸਿਰ ਦੇ ਦੋ ਆਪ੍ਰੇਸ਼ਨ ਹੋ ਚੁੱਕੇ ਹਨ।

ਗੁਰਜੀਤ ਦੀ ਪਤਨੀ ਜਸਵੀਰ ਕੌਰ ਨੇ ਦੱਸਿਆ ਕਿ ਉਸਦੀਆਂ ਚਾਰ ਧੀਆਂ ਹਨ, ਉਸ ਦੇ ਪਤੀ ਦੇ ਬਿਮਾਰ ਹੋ ਜਾਣ ਤੋਂ ਪਿੱਛੋਂ ਪਰਿਵਾਰ ਦੀ ਸਾਰੀ ਜ਼ਿੰਮੇਵਾਰੀ ਉਸ 'ਤੇ ਆ ਗਈ ਤੇ ਪਰਿਵਾਰ ਦੇ ਪਾਲਣ ਪੋਸ਼ਣ ਲਈ ਉਹ ਨਰੇਗਾ 'ਚ ਦਿਹਾੜੀ ਕਰਦੀ ਹੈ। ਉਸ ਨੇ ਕਿਹਾ ਕਿ ਉਸ ਦਾ ਪਤੀ ਬੋਲ ਨਹੀਂ ਸਕਦਾ, ਤੁਰਨ-ਫਿਰਨ ਲਈ ਸਹਾਰਾ ਦੇਣਾ ਪੈਂਦਾ ਹੈ। ਇਸ ਤੋਂ ਇਲਾਵਾ ਉਸ ਦੇ ਸਿਰ ਦਾ ਦੋ ਵਾਰ ਆਪ੍ਰੇਸ਼ਨ ਹੋਇਆ ਹੈ, ਜਿਸ 'ਤੇ ਸਾਢੇ ਤਿੰਨ ਲੱਖ ਰੁਪਏ ਖਰਚ ਹੋ ਚੁੱਕਾ ਹੈ।

ਹੁਣ ਵੀ ਗੁਰਜੀਤ ਦੀ ਦਵਾਈ ਲਗਾਤਾਰ ਚੱਲ ਰਹੀ ਹੈ। ਸਰਪੰਚ ਕੁਲਦੀਪ ਸਿੰਘ ਬੱਪੀਆਣਾ ਨੇ ਦੱਸਿਆ ਕਿ ਪੰਚਾਇਤ ਤੇ ਪਿੰਡ ਵਾਸੀਆਂ ਤੋਂ ਇਲਾਵਾ ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਚੁਸਪਿੰਦਰਬੀਰ ਸਿੰਘ ਭੁਪਾਲ ਉਕਤ ਪਰਿਵਾਰ ਦੀ ਸਮੇਂ-ਸਮੇਂ 'ਤੇ ਮਦਦ ਕਰ ਰਿਹਾ ਹੈ। ਸਰਪੰਚ ਕੁਲਦੀਪ ਸਿੰਘ ਨੇ ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਗੁਰਜੀਤ ਦਾ ਪਰਿਵਾਰ ਦੀ ਹਰ ਪੱਖ ਤੋਂ ਮਦਦ ਕੀਤੀ ਜਾਵੇ।