ਜਗਤਾਰ ਸਿੰਘ ਧੰਜਲ, ਮਾਨਸਾ : ਖੇਤੀ ਬਿੱਲਾਂ ਦੇ ਵਿਰੋਧ ਵਿਚ ਕਿਸਾਨੀ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਦਿਆਂ ਗਾਇਕ ਸਿੱਧੂ ਮੂਸੇਵਾਲਾ ਤੇ ਹੋਰਨਾਂ ਗਾਇਕਾਂ ਨੇ ਕੇਂਦਰ ਦੀ ਮੋਦੀ ਸਰਕਾਰ ਨੂੰ ਵੰਗਾਰਿਆ ਹੈ ਜੇਕਰ ਇਹ ਬਿੱਲ ਰੱਦ ਨਾ ਕੀਤੇ ਗਏ ਤਾਂ ਉਹ ਦਿੱਲੀ ਆ ਕੇ ਸਰਕਾਰ ਦਾ ਘਿਰਾਓ ਕਰਨਗੇ। ਪੰਜਾਬੀ ਦੇ ਨਾਮਵਰ ਗਾਇਕ ਸਿੱਧੂ ਮੂਸੇਵਾਲਾ ਸਮੇਤ ਗਾਇਕ ਅੰਮ੍ਰਿਤ ਮਾਨ, ਕੋਰਵਾਲਾ ਮਾਨ,ਆਰ ਨੇਤ ਨੇ ਮਾਨਸਾ ਦੇ ਰਮਦਿੱਤੇਵਾਲਾ ਚੌਂਕ ਵਿਚ ਤਿੰਨ ਘੰਟੇ ਧਰਨਾ ਦੇ ਕੇ ਮੋਦੀ ਸਰਕਾਰ ਤੇ ਕਿਸਾਨੀ ਦਾ ਗਲਾ ਘੁੱਟਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਕੇਂਦਰ ਦੀ ਸਰਕਾਰ ਨੇ ਧੱਕੇ ਨਾਲ ਇਹ ਬਿੱਲ ਪਾਸ ਕੇ ਲੋਕਤੰਤਰ ਦਾ ਗਲਾ ਘੁੱਟਿਆ ਹੈ।

ਉਨ੍ਹਾਂ ਗੀਤ ਗਾ ਕੇ ਮੋਦੀ ਸਰਕਾਰ ਦਾ ਤਖਤਾ ਪਲਟਣ ਦੀ ਚੇਤਾਵਨੀ ਦਿੱਤੀ ਤੇ ਕਿਹਾ ਕਿ ਆਉਂਦੇ ਸਮੇਂ ਵਿਚ ਇਹ ਸਰਕਾਰ ਚੱਲਦੀ ਕਰ ਦਿੱਤੀ ਜਾਵੇਗੀ। ਗਾਇਕ ਸਿੱਧੂ ਮੂਸੇਵਾਲਾ ਨੂੰ ਸੁਣਨ ਵਾਸਤੇ ਵੱਡੀ ਗਿਣਤੀ ਵਿਚ ਭੀੜ ਜਮ੍ਹਾ ਹੋਈ ਤੇ ਉਨ੍ਹਾਂ ਦੇ ਭਾਸ਼ਣ ਤੇ ਤਾੜੀਆਂ ਵੱਜਦੀਆਂ ਰਹੀਆਂ। ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਦੀ ਸਰਕਾਰ ਦੇਸ਼ ਲਈ ਤਾਨਾਸ਼ਾਹੀ ਸਾਬਤ ਹੋਈ ਹੈ ਤੇ ਜਿਨ੍ਹਾਂ ਲੋਕਾਂ ਨੇ ਮੋਦੀ ਨੂੰ ਤਖਤ 'ਤੇ ਬਿਠਾਇਆ, ਅੱਜ ਉਨ੍ਹਾਂ ਨੂੰ ਧੋਖਾ ਦੇ ਕੇ ਸਰਕਾਰ ਵਲੋਂ ਚੰਦ ਘਰਾਣਿਆਂ ਦਾ ਪੱਖ ਲਿਆ ਜਾ ਰਿਹਾ ਹੈ,ਜਿਸ ਨੂੰ ਕਦੇ ਵੀ ਸਫਲ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਐਲਾਨ ਕੀਤਾ ਕਿ ਉਹ ਇਥੇ ਹੀ ਨਹੀਂ ਅੱਗੇ ਤੋਂ ਵੀ ਕਿਸਾਨੀ ਧਰਨਿਆਂ ਵਿਚ ਸ਼ਾਮਲ ਹੋ ਕੇ ਮੋਦੀ ਸਰਕਾਰ ਖਿਲਾਫ਼ ਮੋਰਚਾ ਖੋਲ੍ਹ ਕੇ ਰੱਖਣਗੇ।

Posted By: Tejinder Thind