ਸਟਾਫ ਰਿਪੋਰਟਰ, ਮਾਨਸਾ : ਪਿੰਡ ਤਲਵੰਡੀ ਅਕਲੀਆ ਲਾਗੇ ਕਾਰ ਤੇ ਮੋਟਰਸਾਈਕਲ ਦੀ ਟੱਕਰ ’ਚ ਪਤੀ-ਪਤਨੀ ਦੀ ਮੌਤ ਹੋ ਗਈ ਜਦਕਿ ਉਨ੍ਹਾਂ ਦੀ ਧੀ ਜ਼ਖਮੀ ਹੋ ਗਈ। ਪੁਲਿਸ ਨੇ ਕਾਰ ਚਾਲਕ ਅਰਮਿੰਦਰ ਸਿੰਘ ਵਾਸੀ ਬਹਿਮਣ ਜੱਸਾ ਜ਼ਿਲ੍ਹਾ ਬਠਿੰਡਾ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਜਦਕਿ ਕਾਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਪੁਲਿਸ ਨੂੰ ਰਾਜੂ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ ਰਾਮ ਸਿੰਘ ਮੋਟਰਸਾਈਕਲ ’ਤੇ ਉਸ ਦੀ ਮਾਤਾ ਜਸਵੀਰ ਕੌਰ ਤੇ ਲੜਕੀ ਅਰਸ਼ਦੀਪ ਕੌਰ ਸਮੇਤ ਮਲਕਾਣਾ ਵੱਲ ਜਾ ਰਹੇ ਸਨ। ਪਿੰਡ ਤਲਵੰਡੀ ਅਕਲੀਆ ਲਾਗੇ ਜਾ ਕੇ ਉਸ ਦੇ ਪਿਤਾ ਦੇ ਮੋਟਰਸਾਈਕਲ ਨੂੰ ਬਲੈਰੋ ਗੱਡੀ ਨੇ ਟੱਕਰ ਮਾਰ ਦਿੱਤੀ ਜਿਸ ਦੌਰਾਨ ਉਸ ਦੇ ਪਿਤਾ, ਮਾਤਾ ਤੇ ਭੈਣ ਦੇ ਸੱਟਾਂ ਲੱਗੀਆਂ। ਇਲਾਜ ਦੌਰਾਨ ਉਸ ਦੇ ਪਿਤਾ ਤੇ ਮਾਤਾ ਨੇ ਦਮ ਤੋੜ ਦਿੱਤਾ ਤੇ ਭੈਣ ਅਰਸ਼ਦੀਪ ਕੌਰ ਜ਼ੇਰੇ ਇਲਾਜ ਹੈ। ਪੁਲਿਸ ਨੇ ਗੱਡੀ ਚਾਲਕ ਅਰਮਿੰਦਰ ਸਿੰਘ ਵਾਸੀ ਬਹਿਮਣਜੱਸਾ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।

Posted By: Jagjit Singh