--ਨਵਜੰਮੀਆਂ ਬੱਚੀਆਂ ਦੀਆਂ ਮਾਵਾਂ ਨੂੰ ਦਿੱਤੀਆਂ ਬੇਬੀ ਕਿੱਟਾਂ

ਸੁਰਿੰਦਰ ਲਾਲੀ, ਮਾਨਸਾ : ਸਿਹਤ ਵਿਭਾਗ ਪੰਜਾਬ ਵੱਲੋਂ ਮੰਗਲਵਾਰ ਨੂੰ ਸ਼ਹਿਰ ਦੇ ਵਾਰਡ ਨੰ: 19 ਵਿਖੇ ਸਿਹਤ ਚੌਪਾਲ ਤਹਿਤ ਇਕ ਸਮਾਗਮ ਬਾਲ ਵਿਕਾਸ ਪ੍ਰਰਾਜੈਕਟ ਅਫ਼ਸਰ ਮਾਨਸਾ ਦੀ ਅਗਵਾਈ ਹੇਠ ਕਰਵਾਇਆ ਗਿਆ। ਇਸ ਪ੍ਰਰੋਗਰਾਮ ਤਹਿਤ ਗਰਭਵਤੀ ਅੌਰਤਾਂ ਦੀ ਗੋਦਭਰਾਈ ਕੀਤੀ ਗਈ ਤੇ ਨੰਵਜੰਮੀਆਂ ਬੱਚੀਆਂ ਦੀਆਂ ਮਾਂਵਾ ਨੂੰ ਹਿਮਾਲਿਆ ਕੰਪਨੀ ਦੀਆਂ ਬੇਬੀ ਕਿੱਟਾਂ ਵੰਡੀਆਂ ਗਈਆਂ। ਸਿਹਤ ਵਿਭਾਗ ਵੱਲੋਂ ਕੇਵਲ ਸਿੰਘ ਮਲੇਰੀਆ ਅਫਸਰ ਤੇ ਸੁਖਵਿੰਦਰ ਸਿੰਘ ਮਾਸ ਮੀਡੀਆ ਅਫਸਰ ਵਿਸ਼ੇਸ਼ ਤੌਰ 'ਤੇ ਪਹੁੰਚੇ। ਸਮਾਗਮ ਦੌਰਾਨ ਗਰਭਵਤੀ ਅੌਰਤਾਂ ਨੂੰ ਸੰਬੋਧਨ ਕਰਦਿਆਂ ਮਲੇਰੀਆ ਅਫਸਰ ਕੇਵਲ ਸਿੰਘ ਨੇ ਮਾਂ ਦੇ ਦੁੱਧ ਦੀ ਮਹੱਤਤਾ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਂ ਦਾ ਪਹਿਲਾ ਗਾੜਾ ਦੁੱਧ ਬੱਚੇ ਲਈ ਸਰਵਉੱਤਮ ਆਹਾਰ ਹੈ। ਮਾਂ ਦਾ ਪਹਿਲਾ ਬਹੁਲਾ ਦੁੱਧ ਬੱਚੇ ਨੂੰ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਦਿੰਦਾ ਹੈ ਤੇ ਉਸ ਦੇ ਪੂਰਨ ਵਿਕਾਸ 'ਚ ਅਹਿਮ ਰੋਲ ਨਿਭਾਉਂਦਾ ਹੈ। ਉਨ੍ਹਾਂ ਨੇ ਸੈਮੀਨਾਰ 'ਚ ਸ਼ਾਮਲ ਸਟਾਫ ਨੂੰ ਕਿਹਾ ਕਿ ਮਾਂਵਾ ਨੂੰ ਮਾਂ ਦੇ ਦੁੱਧ ਦੀ ਮਹੱਤਤਾ ਸਬੰਧੀ ਜਾਗਰੂਕ ਕੀਤਾ ਜਾਵੇ। ਸੁਖਵਿੰਦਰ ਸਿੰਘ ਮਾਸ ਮੀਡੀਆ ਅਫਸਰ ਨੇ ਕਿਹਾ ਕਿ ਬੱਚੇ ਨੂੰ ਜਨਮ ਤੋਂ ਲੈ ਕੇ 6 ਮਹੀਨੇ ਤਕ ਸਿਰਫ ਮਾਂ ਦਾ ਦੁੱਧ ਪਿਲਾਉਣਾ ਚਾਹੀਦਾ ਹੈ, ਮਾਂ ਦਾ ਦੁੱਧ ਹੀ ਬੱਚੇ ਲਈ 6 ਮਹੀਨੇ ਤਕ ਪੂਰਨ ਖੁਰਾਕ ਹੈ। 6 ਮਹੀਨੇ ਤੋਂ ਬਾਅਦ ਬੱਚੇ ਨੂੰ ਮਾਂ ਦੇ ਦੁੱਧ ਦੇ ਨਾਲ-ਨਾਲ ਓਪਰੀ ਨਰਮ ਖੁਰਾਕ ਸ਼ੁਰੂ ਕਰਨੀ ਚਾਹੀਦੀ ਹੈ ਤੇ ਦੋ ਸਾਲ ਤਕ ਮਾਂ ਦੇ ਦੁੱਧ ਦੇ ਨਾਲ-ਨਾਲ ਓਪਰੀ ਖੁਰਾਕ ਦੇਣੀ ਚਾਹੀਦੀ ਹੈ। ਇਸ ਮੌਕੇ ਕੇਵਲ ਸਿੰਘ ਨੇ ਕਿਹਾ ਕਿ ਮਾਂ ਦਾ ਦੁੱਧ ਬੱਚੇ ਨੂੰ ਦਸਤ, ਨਮੂਨੀਆਂ ਤੇ ਹੋਰ ਮਾਰੂ ਬਿਮਾਰੀਆਂ ਤੋਂ ਬਚਾਉਂਦਾ ਹੈ। ਉਨ੍ਹਾਂ ਕਿਹਾ ਕਿ ਮਾਂ ਦੇ ਦੁੱਧ 'ਚ ਬਿਮਾਰੀਆਂ ਤੋਂ ਲੜਨ ਦੀ ਸਮੱਰਥਾ ਹੁੰਦੀ ਹੈ ਤੇ ਬੱਚੇ ਦਾ ਮਾਨਸਿਕ ਤੇ ਸਰੀਰਕ ਵਿਕਾਸ ਹੁੰਦਾ ਹੈ। ਇਸ ਦੌਰਾਨ ਵਾਰਡ ਦੇ ਬੱÎਚਿਆਂ ਵੱਲੋਂ ਬੇਟੀ ਬਚਾਉ, ਬੇਟੀ ਪੜ੍ਹਾਉ ਤਹਿਤ ਇਕ ਨਾਟਕ ਦਾ ਵੀ ਮੰਚਨ ਕੀਤਾ ਗਿਆ, ਜੋ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਰਿਹਾ। ਇਸ ਮੌਕੇ ਸੀਡੀਪੀਓ ਦਫਤਰ ਦੇ ਸੁਪਰਵਾਈਜ਼ਰ ਚੰਕਿਦਰ ਕੌਰ ਵੱਲੋਂ ਬੇਟੀ ਬਚਾਉ, ਬੇਟੀ ਪੜ੍ਹਾਉ ਸਬੰਧੀ ਵਿਸਥਾਰ ਪੂਰਵਕ ਚਾਨਣਾ ਪਾਉਂਦਿਆਂ ਕਿਹਾ ਕਿ ਬੇਟੀ ਨੂੰ ਕੁੱਖ 'ਚ ਮਾਰਨਾਂ ਇਕ ਵੱਡਾ ਅਪਰਾਧ ਹੈ। ਇਸ ਨਾਲ ਬੇਟੀ ਜਨਮ ਲੈਣ ਤੋਂ ਪਹਿਲਾਂ ਹੀ ਮਰ ਜਾਂਦੀ ਹੈ, ਜਿਸ ਨੂੰ ਦੁਨੀਆਂ ਦੇਖਣ ਦਾ ਮੌਕਾ ਵੀ ਨਹੀਂ ਮਿਲਦਾ। ਉਨ੍ਹਾਂ ਕਿਹਾ ਕਿ ਜਦਕਿ ਅੱਜਕੱਲ੍ਹ ਕੁੜੀਆਂ ਮੁੰਡਿਆਂ ਤੋਂ ਵੀ ਹਰ ਖੇਤਰ 'ਚ ਅੱਗੇ ਹਨ। ਉਨ੍ਹਾਂ ਅਪੀਲ ਕੀਤੀ ਕਿ ਬੇਟੀ ਨੂੰ ਕੁੱਖ 'ਚ ਨਾ ਮਾਰਿਆ ਜਾਵੇ, ਬਲਕਿ ਉਸ ਨੂੰ ਜਨਮ ਦੇ ਕੇ ਆਪਣੇ ਪੈਰਾਂ ਤੇ ਖੜ੍ਹਾ ਹੋਣ ਦਾ ਮੌਕਾ ਦਿੱਤਾ ਜਾਵੇ। ਇਸ ਮੌਕੇ ਅਮਰਜੀਤ ਕੌਰ, ਹਰਜਿੰਦਰ ਕੌਰ, ਮਨਜੀਤ ਕੌਰ, ਪਰਵਿੰਦਰ ਕੌਰ, ਰਣਜੀਤ ਕੌਰ, ਏਐੱਨਐੱਮਜ਼ ਤੇ ਆਸ਼ਾ ਵਰਕਰਾਂ ਤੋਂ ਇਲਾਵਾ ਵੱਡੀ ਗਿਣਤੀ 'ਚ ਮੁਹੱਲੇ ਦੀਆਂ ਅੌਰਤਾਂ ਤੇ ਬੱਚੇ ਹਾਜ਼ਰ ਸਨ।