ਤਰਸੇਮ ਸ਼ਰਮਾ, ਬਰੇਟਾ : ਸਿਹਤ ਵਿਭਾਗ ਦੀ ਟੀਮ ਦੁਆਰਾ ਅੱਜ ਸ਼ਹਿਰ 'ਚ ਖਾਣ-ਪੀਣ ਵਾਲੀਆਂ ਵਸਤਾਂ ਦੀਆਂ ਦੁਕਾਨਾਂ 'ਤੇ ਛਾਪੇਮਾਰੀ ਕੀਤੀ ਗਈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਵਿਭਾਗ ਦੇ ਅਧਿਕਾਰੀ ਚਰਨਜੀਤ ਸਿੰਘ ਨੇ ਦੱਸਿਆ ਕਿ ਟੀਮ ਵੱਲੋਂ ਸ਼ਹਿਰ 'ਚੋਂ ਅੱਠ ਦੇ ਕਰੀਬ ਦੁਕਾਨਾਂ ਦੇ ਸੈਂਪਲ ਭਰੇ ਗਏ ਹਨ। ਜਿਨ੍ਹਾਂ 'ਚੋ ਇਕ ਹਲਵਾਈ ਦੀ ਦੁਕਾਨ 'ਚੋਂ ਖੋਆ ਬਰਫੀ ਤੇ ਇਕ ਦੁੱਧ ਵਾਲੀ ਗੱਡੀ ਦੇ ਸੈਂਪਲ ਲਏ ਗਏ ਤੇ ਕੁਝ ਦੁਕਾਨਾਂ ਤੋਂ ਹਰਿਆਣਾ ਦੀ ਪੇਠਾ ਮਿਠਾਈ ਦੇ ਸੈਂਪਲ ਲਏੇ ਗਏ ਤੇ ਖਰਾਬ ਹੋਈ ਪੇਠਾ ਮਿਠਾਈ ਨੂੰ ਬਾਹਰ ਸੁਟਵਾਇਆ ਗਿਆ। ਇਸੇ ਤਰ੍ਹਾਂ ਕੁਝ ਕਰਿਆਨਾ ਦੀਆਂ ਦੁਕਾਨਾਂ 'ਚ ਇਕ ਤੋਂ ਸਰੋਂ ਦਾ ਤੇਲ ਅਤੇ ਦੇਸੀ ਿਘਓ ਦੇ ਸੈਂਪਲ ਭਰਕੇ ਉਨ੍ਹਾਂ ਨੂੰ ਜਾਂਚ ਲਈ ਅੱਗੇ ਭੇਜਿਆ ਗਿਆ ਤੇ ਜਾਂਚ ਰਿਪੋਰਟ ਆਉਣ ਮਗਰੋਂ ਅਗਲੇਰੀ ਕਾਰਵਾਈ ਕਰਨ ਦੀ ਗੱਲ ਆਖ਼ੀ ਗਈ। ਸ਼ਹਿਰ ਦੀਆਂ ਹਲਵਾਈਆਂ ਤੇ ਖਾਣ-ਪੀਣ ਦੇ ਸਾਮਾਨ ਦੀ ਵਿਕਰੀ ਕਰਨ ਵਾਲੀਆਂ ਜ਼ਿਆਦਾਤਰ ਦੁਕਾਨਾਂ ਛਾਪਾਮਾਰੀ ਟੀਮ ਦੀ ਆਮਦ ਬਾਰੇ ਪਤਾ ਲੱਗਦਿਆਂ ਹੀ ਬੰਦ ਹੋ ਗਈਆਂ। ਹਲਵਾਈ ਤੇ ਦੂਜੇ ਦੁਕਾਨਦਾਰ ਟੀਮ ਦੀ ਆਮਦ ਤੇ ਕਾਰਵਾਈ ਬਾਰੇ ਇਕ ਦੂਜੇ ਤੋਂ ਭਿਣਕ ਲੈਂਦੇ ਰਹੇ ਤੇ ਜ਼ਿਆਦਾਤਰ ਦੁਕਾਨਾਂ ਦੇ ਸ਼ਟਰ ਟੀਮ ਦੀ ਵਾਪਸੀ ਮਗਰੋਂ ਹੀ ਖੁੱਲ੍ਹੇ। ਜਦੋ ਵੀ ਸਂੈਪਲ ਲੈਣੇ ਹੁੰਦੇ ਹਨ ਤਾਂ ਦੁਕਾਨਦਾਰਾਂ ਦੇ ਕੁਝ ਆਗੂਆਂ ਨੂੰ ਅਗਾਂਉ ਸੂਚਿਤ ਕੀਤਾ ਜਾਂਦਾ ਹੈ ਅਤੇ ਸੀਮਤ ਸੈਂਪਲ ਦੁਕਾਨਦਾਰਾਂ ਦੀ ਮਰਜੀ ਅਨੁਸਾਰ ਲਏ ਜਾਂਦੇ ਹਨ। ਜਿਸਦੇ ਕਾਰਨ ਜ਼ਿਆਦਾਤਰ ਸਾਰੇ ਸਂੈਪਲ ਪਾਸ ਹੀ ਹੁੰਦੇ ਹਨ। ਜੋ ਦੁਕਾਨਦਾਰ ਦੀਵਾਲੀ ਦੇ ਤਿਉਹਾਰ ਤੇ ਲੱਖਾਂ ਰੁਪਏ ਦੀ ਮਿਠਾਈ ਵੇਚਦੇ ਹਨ ਉਨ੍ਹਾਂ ਦੁਕਾਨਾਂ ਤੋਂ ਟੀਮ ਨੇ ਸੈਂਪਲ ਲੈਣ ਦੀ ਖੇਚਲਾ ਨਹੀ ਕੀਤੀ ਤੇ ਜਿਸ ਦੇ ਵਜੋਂ ਲੋਕਾਂ ਦੀ ਕਹੀ ਮਿਲੀਭੁਗਤ ਵਾਲੀ ਗੱਲ ਸੱਚ ਹੁੰਦੀ ਨਜ਼ਰ ਆ ਰਹੀ ਸੀ। ਸ਼ਹਿਰ ਵਾਸੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਜੇਕਰ ਸ਼ਹਿਰ 'ਚ ਨਕਲੀ ਮਿਠਾਈ ਵਾਲੀਆਂ ਦੁਕਾਨਾਂ 'ਤੇ ਸਹੀ ਛਾਪੇਮਾਰੀ ਕਰਨੀ ਹੈ ਤਾਂ ਉਸ ਲਈ ਇਮਾਨਦਾਰ ਟੀਮਾਂ ਗੁਪਤ ਤੌਰ 'ਤੇ ਭੇਜੀਆਂ ਜਾਣ ਤੇ ਫਿਰ ਦੇਖੋ ਸੱਚ ਕਿਵੇ ਸਾਹਮਣੇ ਆਉੇਂਦਾ ਹੈ।