ਜਗਤਾਰ ਸਿੰਘ ਧੰਜਲ, ਮਾਨਸਾ : ਇੱਕ ਜਨਵਰੀ 2020 ਤੋਂ ਅਨਾਜ ਮੰਡੀਆਂ 'ਚ ਫਸਲ ਵੇਚਣ ਅਤੇ ਜੇ ਫਾਰਮ ਰੱਖਣ ਵਾਲੇ ਕਿਸਾਨਾਂ ਤੇ ਪੰਜਾਬ ਸਰਕਾਰ ਮੇਹਰਬਾਨ ਹੁੰਦੀ ਦਿਖ ਰਹੀ ਹੈ। ਸਰਕਾਰ ਨੇ ਮਾਨਸਾ ਜ਼ਿਲ੍ਹੇ ਦੇ 32212 ਕਿਸਾਨਾਂ ਨੂੰ ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਦਾ ਲਾਭ ਦਿੱਤਾ ਹੈ। ਜਿਸ ਦੇ ਤਹਿਤ ਕਿਸਾਨ ਦੇ ਪਰਿਵਾਰ ਨੂੰ 5 ਲੱਖ ਰੁਪਏ ਤੱਕ ਦੇ ਇਲਾਜ ਵਿੱਚ ਮੱਦਦ ਮਿਲੇਗੀ। ਇਸ ਵਾਸਤੇ ਕਿਸਾਨਾਂ ਨੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਹੈ। ਜ਼ਿਲ੍ਹਾ ਮੰਡੀ ਅਧਿਕਾਰੀ ਰਜਨੀਸ਼ ਗੋਇਲ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵੱਲੋਂ ਆਯੂਸ਼ਮਾਨ ਭਾਰਤ ਸਰਬੱਤ ਬੀਮਾਂ ਯੋਜਨਾ ਤੇ ਤਹਿਤ ਅਗਸਤ ਮਹੀਨੇ ਤੋਂ ਉਨ੍ਹਾਂ ਕਿਸਾਨਾਂ ਤੋਂ ਫਾਰਮਾਂ ਦੀ ਮੰਗ ਕੀਤੀ ਗਈ ਸੀ। ਜਿਨ੍ਹਾਂ ਕੋਲ ਗੰਨਾ ਤੋਲ ਪਰਚੀ ਅਤੇ ਫਸਲ ਵੇਚਣ ਤੇ ਮਿਲਣ ਵਾਲੇ ਜੇ ਫਾਰਮ ਸਨ।

ਇਸ ਵਿੱਚ 32 ਹਜ਼ਾਰ 212 ਕਿਸਾਨਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਹੁਣ ਸਟੇਟ ਹੈਲਥ ਏਜੰਸੀ ਵੱਲੋਂ ਨਿਯੁਕਤ ਕੀਤੀ ਗਈ ਕੰਪਨੀ ਦੁਆਰਾ ਜ਼ਿਲ੍ਹੇ ਦੇ ਤਿੰਨ ਸਟੇਸ਼ਨਾਂ ਮਾਨਸਾ, ਬੁਢਲਾਡਾ ਤੇ ਭੀਖੀ ਦੇ ਕਿਸਾਨਾਂ ਨੂੰ ਈ-ਕਾਰਡ ਜਾਰੀ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਈ-ਕਾਰਡ ਬਣਾਉਣ ਦੇ ਲਈ ਇਸ ਸਕੀਮ 'ਚ ਸ਼ਾਮਲ ਹੋ ਚੁੱਕੇ ਕਿਸਾਨ ਜ਼ਰੂਰੀ ਕਾਗਜਾਂ ਦੇ ਨਾਲ ਸਬੰਧਿਤ ਦਫਤਰ ਆ ਕੇ ਕਾਰਡ ਹਾਸਲ ਕਰ ਸਕਦੇ ਹਨ। ਜਿਸ ਦੇ ਤਹਿਤ ਕਿਸਾਨ ਪੰਜਾਬ ਸਰਕਾਰ ਦੁਆਰਾ ਬੀਮਾ ਸਕੀਮ ਨਾਲ ਜੁੜੇ 766 ਸਰਕਾਰੀ ਅਤੇ ਪ੍ਰਰਾਈਵੇਟ ਹਸਪਤਾਲਾਂ 'ਚ ਪ੍ਰਤੀ ਪਰਿਵਾਰ 5 ਲੱਖ ਰੁਪਏ ਦੀ ਸਿਹਤ ਬੀਮਾ ਯੋਜਨਾ ਦਾ ਫਾਇਦਾ ਲੈ ਸਕਦੇ ਹਨ। ਕਿਸਾਨ ਨੇਤਾ ਗੋਰਾ ਸਿੰਘ ਅਤੇ ਨਾਇਬ ਸਿੰਘ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਦਾ ਇਹ ਚੰਗਾ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਘਾਤਕ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਕਿਸਾਨ ਅਤੇ ਆਮ ਲੋਕਾਂ ਨੁੰ ਕਾਫੀ ਦਿੱਕਤਾ ਦਾ ਸਾਹਮਣਾ ਕਰਨਾ ਪੈਂਦਾ ਹੈ। ਜ਼ਿਆਦਾਤਰ ਇਲਾਜ ਮਹਿੰਗੇ ਹੋਣ ਕਾਰਨ ਉਹ ਆਪਣੀ ਬਿਮਾਰੀ ਦਾ ਇਲਾਜ ਵੀ ਨਹੀਂ ਕਰਵਾ ਸਕਦੇ। ਜਿਸ ਕਾਰਨ ਉਨ੍ਹਾਂ ਨੂੰ ਵੱਡੀ ਮੁਸ਼ਕਿਲ ਪੇਸ਼ ਆਉਂਦੀ ਹੈ। ਉਨ੍ਹਾਂ ਕਿਹਾ ਕਿ ਬਹੁਤੇ ਕਿਸਾਨ ਆਮ ਤੌਰ 'ਤੇ ਕਮਜ਼ੋਰ ਹਨ, ਇਸ ਸਕੀਮ ਉਨ੍ਹਾਂ ਲਈ ਕਾਰਗਰ ਸਾਬਿਤ ਹੋਵੇਗੀ।