ਪੱਤਰ ਪੇ੍ਰਕ, ਮਾਨਸਾ : ਸਿਵਲ ਸਰਜਨ ਮਾਨਸਾ ਡਾ. ਸੁਖਵਿੰਦਰ ਸਿੰਘ ਅਤੇ ਸੀਨੀਅਰ ਮੈਡੀਕਲ ਅਫਸਰ ਬੁਢਲਾਡਾ ਡਾ. ਗੁਰਚੇਤਨ ਪ੍ਰਕਾਸ਼ ਦੀਆਂ ਹਦਾਇਤਾਂ ਤੇ ਬੁਢਲਾਡਾ ਵਿਖੇ ਬਲਾਕ ਸਿਹਤ ਸੁਪਰਵਾਈਜ਼ਰ ਸੰਜੀਵ ਕੁਮਾਰ, ਸਿਹਤ ਕਰਮਚਾਰੀ ਹਰਕੇਸ਼ ਸਿੰਘ ਅਤੇ ਬਲਜੀਤ ਸਿੰਘ ਦੀ ਟੀਮ ਵੱਲੋਂ ਮੌਸਮੀ ਬਿਮਾਰੀਆਂ ਨੂੰ ਦੇਖਦੇ ਹੋਏ ਫਲਾਂ ਦੀਆਂ ਰੇਹੜੀਆਂ ਦੀ ਚੈਕਿੰਗ ਕੀਤੀ ਅਤੇ ਰੇਹੜੀ ਵਾਲਿਆਂ ਅਤੇ ਦੁਕਾਨਦਾਰਾਂ ਨੂੰ ਕਿਹਾ ਕਿ ਉਹ ਸਾਫ਼ ਸੁਥਰੇ ਫਲ, ਸਬਜ਼ੀਆਂ ਦੀ ਵਿਕਰੀ ਕਰਨ ਤਾਂ ਕਿ ਲੋਕਾਂ ਦੀ ਸਿਹਤ ਨਾਲ ਕਿਸੇ ਕਿਸਮ ਦਾ ਕੋਈ ਖਿਲਵਾੜ ਨਾ ਹੋਵੇ। ਉਨ੍ਹਾਂ ਨੇ ਕਈ ਰੇਹੜੀਆਂ ਤੋਂ ਗਲੇ-ਸੜੇ ਫਲ ਸੁਟਵਾਏ। ਇਸ ਟੀਮ ਵੱਲੋਂ ਘਰਾਂ ਅਤੇ ਦਫਤਰਾਂ ਵਿਚ ਕੂਲਰ, ਫਰਿੱਜਾਂ, ਪਾਣੀ ਦੀਆਂ ਟੈਂਕੀਆਂ ਦੀ ਜਾਂਚ ਕਰਦੇ ਹੋਏ ਮੱਛਰ ਦਾ ਲਾਰਵਾ ਚੈਕ ਕੀਤਾ। ਇਸ ਮੌਕੇ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਸੁਪਰਵਾਈਜ਼ਰ ਸੰਜੀਵ ਕੁਮਾਰ ਨੇ ਕਿਹਾ ਕਿ ਡੇਂਗੂ, ਮਲੇਰੀਆਂ ਤੋਂ ਬਚਾਅ ਲਈ ਜ਼ਰੂਰੀ ਹੈ ਕਿ ਮੱਛਰ ਨੂੰ ਪੈਦਾ ਨਾ ਹੋਣ ਦਿੱਤਾ ਜਾਵੇ। ਕੂਲ਼ਰਾਂ ਦਾ ਪਾਣੀ ਹਰ ਹਫਤੇ ਬਦਲਿਆ ਜਾਵੇ। ਜੇਕਰ ਕਿਸੇ ਨੂੰ ਬੁਖਾਰ ਦੀ ਸ਼ਿਕਾਇਤ ਹੈ ਤਾਂ ਉਸ ਨੂੰ ਆਪਣਾ ਮਲੇਰੀਆਂ ਦਾ ਟੈਸਟ ਜ਼ਰੂਰ ਕਰਵਾਉਣਾ ਚਾਹੀਦਾ ਹੈ ਜਿਹੜਾ ਕਿ ਸਰਕਾਰੀ ਹਸਪਤਾਲਾਂ/ਸਬ ਸੈਂਟਰਾਂ ਤੇ ਬਿਲਕੁੱਲ ਮੁਫਤ ਹੁੰਦਾ ਹੈ। ਅੱਜ ਕੱਲ ਦੇ ਮੌਸਮ ਵਿਚ ਜਦੋਂ ਮੱਛਰ ਪੈਦਾ ਹੁੰਦਾ ਹੈ ਤਾਂ ਇਹ ਬਿਮਾਰੀਆਂ ਹੋਣ ਦਾ ਖਤਰਾ ਵੀ ਹੋ ਜਾਂਦਾ ਹੈ। ਇਸ ਲਈ ਆਪਣੇ ਆਲੇ-ਦੁਆਲੇ ਦੀ ਸਫਾਈ ਰੱਖਣੀ ਚਾਹੀਦੀ ਹੈ ਤਾਂ ਕਿ ਮੱਛਰ ਪੈਦਾ ਨਾ ਹੋਵੇ।