ਪੱਤਰ ਪ੍ਰਰੇਰਕ, ਮਾਨਸਾ : ਖੇਤਾਂ 'ਚ ਝੋਨਾ ਲਗਾ ਰਹੀ ਇੰਟਰਨੈਸ਼ਨਲ ਕਰਾਟੇ ਖਿਡਾਰਨ ਹਰਦੀਪ ਕੌਰ ਦੀ ਮੀਡੀਆ 'ਚ ਖ਼ਬਰ ਆਉਣ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਚੰਡੀਗੜ੍ਹ ਵਿਖੇ ਖੇਡ ਮੰਤਰੀ ਰਾਣਾ ਗੁਰਜੀਤ ਸਿੰਘ ਸੋਢੀ ਵੱਲੋਂ ਹਰਦੀਪ ਕੌਰ ਨੂੰ ਖੇਡ ਵਿਭਾਗ ਵਿਚ ਕੰਟਰੈਕਟ ਬੇਸ 'ਤੇ ਕੋਚ ਦੀ ਨੌਕਰੀ ਦਾ ਨਿਯੁਕਤੀ ਪੱਤਰ ਦੇ ਦਿੱਤਾ ਗਿਆ ਹੈ।

ਹਰਦੀਪ ਕੌਰ ਨੇ ਖੇਡ ਮੰਤਰੀ ਦਾ ਧੰਨਵਾਦ ਕਰਦਿਆਂ ਪੰਜਾਬ ਪੁਲਿਸ ਵਿਚ ਨੌਕਰੀ ਦੀ ਵੀ ਮੰਗ ਕੀਤੀ ਹੈ ਤੇ ਖੇਡ ਮੰਤਰੀ ਨੇ ਹਰਦੀਪ ਕੌਰ ਨੂੰ ਭਰੋਸਾ ਦਿੱਤਾ ਕਿ ਜਦੋਂ ਵੀ ਪੰਜਾਬ ਪੁਲਿਸ ਦੀ ਭਰਤੀ ਖੁੱਲ੍ਹੇਗੀ ਤਾਂ ਉਸ ਨੂੰ ਪਹਿਲ ਦੇ ਆਧਾਰ 'ਤੇ ਪੰਜਾਬ ਪੁਲਿਸ ਵਿਚ ਵੀ ਨੌਕਰੀ ਦੇ ਦਿੱਤੀ ਜਾਵੇਗੀ।

ਗੱਲਬਾਤ ਕਰਦਿਆਂ ਖੇਡ ਮੰਤਰੀ ਰਾਣਾ ਗੁਰਜੀਤ ਸੋਢੀ ਨੇ ਕਿਹਾ ਕਿ ਖੇਡਾਂ 'ਚ ਮੱਲਾਂ ਮਾਰਨ ਵਾਲੇ ਬੱਚਿਆਂ ਦੀ ਪੰਜਾਬ ਸਰਕਾਰ ਹਰ ਸਮੇਂ ਮਦਦ ਕਰ ਰਹੀ ਹੈ ਤੇ ਉਥੇ ਉਨ੍ਹਾਂ ਵੱਲੋਂ ਅੱਜ ਕਰਾਟੇ ਖਿਡਾਰਨ ਹਰਦੀਪ ਕੌਰ ਗੁਰਨੇ ਨੂੰ ਖੇਡ ਵਿਭਾਗ 'ਚ ਕੋਚ ਦੀ ਨੌਕਰੀ ਲਈ ਭਰਤੀ ਕਰ ਲਿਆ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜਦੋਂ ਵੀ ਪੰਜਾਬ ਪੁਲਿਸ ਦੀ ਭਰਤੀ ਖੁੱਲ੍ਹੇਗੀ ਤਾਂ ਹਰਦੀਪ ਨੂੰ ਪਹਿਲ ਦੇ ਆਧਾਰ 'ਤੇ ਪੁਲਿਸ ਵਿਚ ਭਰਤੀ ਕਰ ਲਿਆ ਜਾਵੇਗਾ।

ਹਰਦੀਪ ਕੌਰ ਨੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਬੇਸ਼ੱਕ ਸਰਕਾਰ ਵੱਲੋਂ ਅੱਜ ਉਨ੍ਹਾਂ ਨੂੰ ਖੇਡ ਵਿਭਾਗ ਵਿਚ ਕੰਟਰੈਕਟ ਬੇਸ 'ਤੇ ਕੋਚ ਦੀ ਨੌਕਰੀ ਲਈ ਨਿਯੁਕਤੀ ਪੱਤਰ ਦਿੱਤਾ ਗਿਆ ਹੈ, ਪਰ ਉਨ੍ਹਾਂ ਨੂੰ ਖੇਡ ਮੰਤਰੀ ਵੱਲੋਂ ਭਰੋਸਾ ਵੀ ਦਿੱਤਾ ਗਿਆ ਹੈ ਕਿ ਉਸ ਨੂੰ ਪੰਜਾਬ ਪੁਲਿਸ ਵਿਚ ਭਰਤੀ ਕੀਤਾ ਜਾਵੇਗਾ ਜਿਸ ਤੋਂ ਬਾਅਦ ਉਹ ਹੁਣ ਖੇਡ ਵਿਭਾਗ ਵਿਚ ਕੋਚ ਦੀ ਨੌਕਰੀ ਲਈ ਜੁਆਇਨ ਕਰ ਲਵੇਗੀ।

ਹਰਦੀਪ ਕੌਰ ਨੇ ਯੂਥ ਕਾਂਗਰਸ ਦੇ ਪ੍ਰਧਾਨ ਚੁਸਪਿੰਦਰਵੀਰ ਚਹਿਲ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਨੇ ਉਨ੍ਹਾਂ ਨੂੰ ਪੰਜਾਬ ਦੇ ਖੇਡ ਮੰਤਰੀ ਨਾਲ ਮਿਲਵਾਉਣ ਦੇ ਲਈ ਪਹਿਲ ਕੀਤੀ ਤੇ ਉਨ੍ਹਾਂ ਮੀਡੀਆ ਅਤੇ ਪਿੰਡ ਦੀ ਪੰਚਾਇਤ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ।