ਜਗਤਾਰ ਸਿੰਘ ਧੰਜਲ, ਮਾਨਸਾ : ਸੂਬੇ ਅੰਦਰ ਨੌਜਵਾਨ ਉੱਚ ਪੱਧਰ ਦੀਆਂ ਡਿਗਰੀਆਂ ਲੈ ਕੇ ਸਰਕਾਰਾਂ ਤੋਂ ਰੁਜ਼ਗਾਰ ਮੰਗਣ ਲਈ ਪ੍ਰਦਰਸ਼ਨ ਕਰ ਰਹੇ ਹਨ। ਜਿਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਉਨ੍ਹਾਂ ਨਾਲ ਧ੍ਰੋਹ ਕਮਾਇਆ ਹੈ। ਅਜਿਹਾ ਹੀ ਸਰਕਾਰ ਦੇ ਮਾੜੇ ਵਤੀਰੇ ਦੀ ਸ਼ਿਕਾਰ ਹੋਈ ਦੇਸ਼ ਲਈ ਵੱਡੇ ਮੈਡਲ ਜਿੱਤ ਕੇ ਨਾਂ ਰੋਸ਼ਨ ਕਰਨ ਵਾਲੀ ਪਿੰਡ ਗੁਰਨੇ ਕਲਾਂ ਦੀ ਇੰਟਰਨੈਸ਼ਨਲ ਕਰਾਟੇ ਖਿਡਾਰਨ ਹਰਦੀਪ ਕੌਰ ਖੇਤਾਂ 'ਚ ਝੋਨਾ ਲਾਉਣ ਲਈ ਮਜਬੂਰ ਹੈ। ਉਸ ਨੇ ਕਰਾਟੇ ਖੇਡ 'ਚ ਦੇਸ਼ਾਂ ਵਿਦੇਸ਼ਾਂ 'ਚ ਧੁੰਮਾਂ ਪਾਈਆਂ ਹਨ ਤੇ ਅਨੇਕਾਂ ਮੈਡਲ ਜਿੱਤੇ ਹਨ।

ਸਰਕਾਰ ਨੇ ਕਿਸੇ ਵੇਲੇ ਉਸ ਦੀ ਖੇਡ ਤੋਂ ਖ਼ੁਸ਼ ਹੋ ਕੇ ਉਸ ਨੂੰ ਸਰਕਾਰੀ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ, ਪਰ 4 ਸਾਲ ਬੀਤ ਜਾਣ ਮਗਰੋਂ ਵੀ ਉਸ ਨੂੰ ਨੌਕਰੀ ਨਹੀਂ ਮਿਲੀ ਹੈ ਅਤੇ ਉਹ ਖੇਤਾਂ 'ਚ ਝੋਨਾ ਲਾ ਕੇ, ਦਿਹਾੜੀ ਕਰ ਕੇ ਆਪਣੀ ਪੜ੍ਹਾਈ ਕਰ ਰਹੀ ਹੈ। ਉਸ ਨੇ ਨੌਕਰੀ ਖ਼ਾਤਰ ਚੰਡੀਗੜ੍ਹ ਦੇ ਵੀ ਅਨੇਕਾਂ ਚੱਕਰ ਲਾਏ, ਪਰ ਕਿਸੇ ਨੇ ਵੀ ਉਸ ਦੀ ਬਾਤ ਨਹੀਂ ਪੁੱਛੀ।

ਜ਼ਿਲ੍ਹਾ ਮਾਨਸਾ ਦੇ ਪਿੰਡ ਗੁਰਨੇ ਕਲਾਂ ਦੀ ਕਰਾਟੇ ਖਿਡਾਰਨ ਹਰਦੀਪ ਕੌਰ ਨੇ ਦੱਸਿਆ ਕਿ ਉਸ ਨੇ ਇਸ ਖੇਡ ਵਿੱਚ ਇੰਟਰ ਨੈਸ਼ਨਲ ਖੇਡਾਂ ਚ ਮਲੇਸ਼ੀਆ ਤੋਂ ਅਤੇ ਨੈਸ਼ਨਲ ਗੇਮਾਂ 'ਚ ਤਾਂਗੜਾ ਵਿਖੇ ਗੋਲਡ ਮੈਡਲ ਜਿੱਤੇ ਹਨ ਅਤੇ ਸਕੂਲੀ ਗੇਮਾਂ ਚ 20 ਦੇ ਕਰੀਬ ਮੈਡਲ ਜਿੱਤ ਕੇ ਮਾਨਸਾ ਜ਼ਿਲ੍ਹੇ ਦਾ ਨਾਂ ਸੂਬੇ 'ਚ ਰੋਸ਼ਨ ਕੀਤਾ ਹੈ।

ਉਸ ਦਾ ਕਹਿਣਾ ਹੈ ਕਿ ਇੰਟਰਨੈਸ਼ਨਲ ਤੇ ਨੈਸ਼ਨਲ ਕਰਾਟੇ ਖੇਡ 'ਚ ਉਸ ਦਾ ਵੱਡੇ ਖਿਡਾਰੀਆਂ ਨਾਲ ਮੁਕਾਬਲਾ ਹੋਇਆ ਤੇ ਉਸ ਨੇ ਇਸ 'ਚੋਂ ਮੈਡਲ ਜਿੱਤੇ, ਜਿਸ ਦੀ ਉਸ ਨੂੰ ਬਹੁਤ ਖ਼ੁਸ਼ੀ ਹੋਈ। ਉਹ ਅੱਜਕੱਲ ਪਟਿਆਲਾ ਦੇ ਇਕ ਕਾਲਜ ਵਿਖੇ ਡੀਪੀਐੱਡ ਕਰ ਰਹੀ ਹੈ। ਉਸ ਨੇ ਦੱਸਿਆ ਕਿ ਜਦੋਂ ਉਸ ਨੇ ਖੇਡ 'ਚ ਗੋਲਡ ਮੈਡਲ ਜਿੱਤਿਆਂ ਤਾਂ ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਜੀਤ ਸਿੰਘ ਸੋਢੀ ਨੇ ਉਸ ਨੂੰ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ, ਪਰ 4 ਸਾਲਾਂ ਬਾਅਦ ਵੀ ਉਸ ਨੂੰ ਨੌਕਰੀ ਨਹੀਂ ਮਿਲੀ, ਹੁਣ ਉਹ ਆਪਣੀ ਪੜ੍ਹਾਈ ਕਰਨ ਤੇ ਢਿੱਡ ਪਾਲਣ ਲਈ ਖੇਤਾਂ 'ਚ ਝੋਨਾ ਲਾਉਣ ਲਈ ਮਜਬੂਰ ਹੈ।

ਉਸ ਨੇ ਦੱਸਿਆ ਕਿ ਖੇਡ ਮੰਤਰੀ ਨੇ ਕਈ ਵਾਰ ਉਸ ਨੂੰ ਚੰਡੀਗੜ੍ਹ ਵੀ ਬੁਲਾਇਆ, ਪਰ ਮੰਤਰੀ ਸਾਬ੍ਹ ਆਪ ਨਹੀਂ ਮਿਲੇ, ਚੰਡੀਗੜ੍ਹ ਦੇ ਚੱਕਰ ਲਾ ਕੇ ਉਹ ਨਿਰਾਸ਼ ਹੋ ਕੇ ਘਰ ਬੈਠ ਗਈ ਹੈ। ਹਰਦੀਪ ਕੌਰ ਦੇ ਪਿਤਾ ਨਾਇਬ ਸਿੰਘ ਤੇ ਮਾਤਾ ਸੁਖਵਿੰਦਰ ਕੌਰ ਦਾ ਕਹਿਣਾ ਹੈ ਕਿ ਸਰਕਾਰ ਨੇ ਉਨ੍ਹਾਂ ਦੀ ਧੀ ਨੂੰ ਨੌਕਰੀ ਦੇਣ ਦਾ ਵਾਅਦਾ ਤਾਂ ਕੀਤਾ, ਪਰ ਉਸ ਨੂੰ ਪੁਗਾਇਆ ਨਹੀਂ।

ਉਨ੍ਹਾਂ ਦਾ ਕਹਿਣਾ ਹੈ ਕਿ ਹਰਦੀਪ ਕੌਰ ਨੇ ਖੇਡਾਂ ਵਿਚ ਧੁੰਮਾਂ ਪਾਈਆਂ, ਪਰ ਉਸ ਦੀ ਖੇਡ ਦਾ ਮੁੱਲ ਸਰਕਾਰਾਂ ਨੇ ਵੀ ਨਹੀਂ ਪਾਇਆ। ਉਨ੍ਹਾਂ ਦੱਸਿਆ ਕਿ ਪਰਿਵਾਰ ਦੀ ਆਰਥਿਕ ਹਾਲਤ ਬੇਹੱਦ ਮਾੜੀ ਹੈ, ਜਿਸ ਕਰਕੇ ਉਹ ਸਾਰਾ ਟੱਬਰ ਮਜਦੂਰੀ ਕਰਦਾ ਹੈ। ਢਿੱਡ ਤੇ ਮਜਬੂਰੀ ਖ਼ਾਤਰ ਉਨ੍ਹਾਂ ਨੇ ਆਪਣੀ ਖਿਡਾਰਨ ਧੀ ਨੂੰ ਵੀ ਝੋਨਾ ਲਗਾਉਣ ਲਈ ਖੇਤਾਂ 'ਚ ਭੇਜਿਆ ਹੈ।

ਉਨ੍ਹਾਂ ਕਿਹਾ ਕਿ ਸਰਕਾਰ ਨੂੰ ਅਨੇਕਾਂ ਅਰਜੋਈਆਂ ਕਰਨ ਤੋਂ ਬਾਅਦ ਵੀ ਹਰਦੀਪ ਕੌਰ ਖੇਤਾਂ ਵਿਚ ਰੁਲ ਰਹੀ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰ ਨੇ ਘਰ-ਘਰ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ, ਪਰ ਨੌਕਰੀ ਲਈ ਯੋਗ ਹੋਣ ਦੇ ਬਾਅਦ ਖੇਡਾਂ 'ਚ ਸੂਬੇ ਦਾ ਨਾਂ ਚਮਕਾਉਣ ਵਾਲੀ ਉਨ੍ਹਾਂ ਦੀ ਧੀ ਹਰਦੀਪ ਕੌਰ ਨੂੰ ਮੰਗਣ 'ਤੇ ਵੀ ਰੁਜ਼ਗਾਰ ਨਹੀਂ ਮਿਲਿਆ। ਇਸ ਤੋਂ ਪਰੇਸ਼ਾਨ ਹੋ ਕੇ ਉਨ੍ਹਾਂ ਨੇ ਮਜਦੂਰੀ ਕਰਨ ਦਾ ਰਾਹ ਚੁਣਿਆ ਹੈ।

ਖੇਡ ਮੰਤਰੀ ਨੇ ਮੰਗਵਾਇਆ ਹਰਦੀਪ ਤੋਂ ਪੱਤਰ

ਸੂਬੇ ਦੇ ਖੇਡ ਮੰਤਰੀ ਰਾਣ ਗੁਰਜੀਤ ਸਿੰਘ ਸੋਢੀ ਨੇ ਕਿਹਾ ਕਿ ਮਾਨਸਾ ਜ਼ਿਲ੍ਹੇ ਦੀ ਹਰਦੀਪ ਕੌਰ ਦੀ ਖੇਡ 'ਤੇ ਉਨ੍ਹਾਂ ਨੂੰ ਫਖ਼ਰ ਹੈ। ਜਿਸ ਲਈ ਉਨ੍ਹਾਂ ਨੇ ਉਸ ਦਾ ਇਕ ਪੱਤਰ ਆਪਣੇ ਕੋਲ ਮੰਗਵਾਇਆ ਹੈ ਤੇ ਇਸ ਵਾਸਤੇ ਜ਼ਿਲ੍ਹਾ ਖੇਡ ਅਫ਼ਸਰ ਦੀ ਡਿਊਟੀ ਲਾਈ ਗਈ ਹੈ, ਜਿਸ ਤੋਂ ਬਾਅਦ ਉਸ ਨੂੰ ਨੌਕਰੀ ਦੇਣ 'ਤੇ ਵਿਚਾਰ ਕੀਤਾ ਜਾਵੇਗਾ।