ਤੇਜ਼ ਹਨੇਰੀ ਤੇ ਮੀਂਹ ਨਾਲ ਪਏ ਗੜ੍ਹੇ, ਕਈ ਜਗ੍ਹਾ ਡਿੱਗੇ ਦਰੱਖਤ, ਕਿਸਾਨਾਂ ਨੇ ਮੀਂਹ ਨੂੰ ਫ਼ਸਲਾਂ ਲਈ ਦੱਸਿਆ ਲਾਹੇਵੰਦ
ਮਾਨਸਾ ਜ਼ਿਲ੍ਹੇ ਦੇ ਕਸਬਾ ਝੁਨੀਰ ਅਤੇ ਆਸ ਪਾਸ ਦੇ ਪਿੰਡਾਂ ਵਿੱਚ ਦੁਪਹਿਰ ਬਾਅਦ ਅਚਾਨਕ ਮੌਸਮ ਨੇ ਕਰਵਟ ਬਦਲ ਲਈ। ਇਸ ਦੇ ਨਾਲ ਹੀ ਗਰਮੀ ਤੋਂ ਆਮ ਲੋਕਾਂ ਨੂੰ ਰਾਹਤ ਮਿਲੀ। ਇਲਾਕੇ ਵਿੱਚ ਤੇਜ਼ ਹਨ੍ਹੇਰੀ ਦੇ ਨਾਲ ਮੀਂਹ ਪਿਆ, ਜਦਕਿ ਕੁਝ ਪਿੰਡਾਂ ਦੂਲੋਵਾਲ, ਗੇਹਲੇ ਤੇ ਹੋਰ ਜਗ੍ਹਾ ਗੜ੍ਹੇ ਵੀ ਪਏ। ਹਨੇਰੀ ਇੰਨ੍ਹੀ ਤੇਜ਼ ਸੀ ਕਿ ਕਈ ਥਾਵਾਂ 'ਤੇ ਦਰੱਖਤ ਟੁੱਟ ਕੇ ਸੜਕਾਂ 'ਤੇ ਡਿੱਗ ਪਏ,
Publish Date: Tue, 09 Jun 2026 08:35 PM (IST)
Updated Date: Tue, 09 Jun 2026 08:39 PM (IST)
ਅਵਤਾਰ ਸਿੰਘ ਗੇਹਲੇ, ਪੰਜਾਬੀ ਜਾਗਰਣ, ਮਾਨਸਾ : ਮਾਨਸਾ ਜ਼ਿਲ੍ਹੇ ਦੇ ਕਸਬਾ ਝੁਨੀਰ ਅਤੇ ਆਸ ਪਾਸ ਦੇ ਪਿੰਡਾਂ ਵਿੱਚ ਦੁਪਹਿਰ ਬਾਅਦ ਅਚਾਨਕ ਮੌਸਮ ਨੇ ਕਰਵਟ ਬਦਲ ਲਈ। ਇਸ ਦੇ ਨਾਲ ਹੀ ਗਰਮੀ ਤੋਂ ਆਮ ਲੋਕਾਂ ਨੂੰ ਰਾਹਤ ਮਿਲੀ। ਇਲਾਕੇ ਵਿੱਚ ਤੇਜ਼ ਹਨ੍ਹੇਰੀ ਦੇ ਨਾਲ ਮੀਂਹ ਪਿਆ, ਜਦਕਿ ਕੁਝ ਪਿੰਡਾਂ ਦੂਲੋਵਾਲ, ਗੇਹਲੇ ਤੇ ਹੋਰ ਜਗ੍ਹਾ ਗੜ੍ਹੇ ਵੀ ਪਏ। ਹਨੇਰੀ ਇੰਨ੍ਹੀ ਤੇਜ਼ ਸੀ ਕਿ ਕਈ ਥਾਵਾਂ 'ਤੇ ਦਰੱਖਤ ਟੁੱਟ ਕੇ ਸੜਕਾਂ 'ਤੇ ਡਿੱਗ ਪਏ, ਜਿਸ ਕਾਰਨ ਆਵਾਜਾਈ ਵੀ ਪ੍ਰਭਾਵਿਤ ਹੋਈ।
ਪ੍ਰਾਪਤ ਜਾਣਕਾਰੀ ਅਨੁਸਾਰ ਨੰਗਲ ਖੁਰਦ ਤੋਂ ਪਿੰਡ ਗੇਹਲੇ ਨੂੰ ਜਾਣ ਵਾਲੀ ਸੜਕ 'ਤੇ ਕਈ ਦਰੱਖਤ ਡਿੱਗਣ ਕਾਰਨ ਰਸਤਾ ਕੁਝ ਸਮੇਂ ਲਈ ਬੰਦ ਹੋ ਗਿਆ। ਇਸ ਤੋਂ ਇਲਾਵਾ ਮਾਨਸਾ ਸਿਰਸਾ ਨੈਸ਼ਨਲ ਹਾਈਵੇ 'ਤੇ ਵੀ ਕੁਝ ਦਰੱਖਤ ਡਿੱਗੇ ਨਜ਼ਰ ਆਏ। ਕਈ ਪਿੰਡਾਂ ਵਿੱਚ ਲੋਕਾਂ ਨੂੰ ਤੇਜ਼ ਹਵਾਵਾਂ ਕਾਰਨ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ, ਹਾਲਾਂਕਿ ਕਿਸੇ ਵੱਡੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਮਿਲੀ। ਇਹ ਮੀਂਹ ਮੁੱਖ ਤੌਰ 'ਤੇ ਮਾਨਸਾ ਜ਼ਿਲ੍ਹੇ ਦੇ ਕਸਬੇ ਝੁਨੀਰ ਅਤੇ ਆਸ ਪਾਸ ਦੇ ਪਿੰਡਾਂ ਵਿੱਚ ਦਰਜ ਕੀਤਾ ਗਿਆ, ਜਿੱਥੇ ਇੱਕ ਪਾਸੇ ਹਨ੍ਹੇਰੀ ਨੇ ਕੁਝ ਨੁਕਸਾਨ ਕੀਤਾ, ਉੱਥੇ ਹੀ ਕਿਸਾਨਾਂ ਨੇ ਮੀਂਹ ਨੂੰ ਖੇਤੀ ਲਈ ਲਾਭਕਾਰੀ ਦੱਸਿਆ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਮੱਕੀ ਅਤੇ ਝੋਨੇ ਦੀ ਫ਼ਸਲ ਲਈ ਇਹ ਮੀਂਹ ਕਾਫ਼ੀ ਫ਼ਾਇਦੇਮੰਦ ਸਾਬਤ ਹੋਵੇਗਾ। ਕਿਸਾਨ ਹਾਕਮ ਸਿੰਘ ਨੇ ਦੱਸਿਆ ਕਿ ਮਾਨਸਾ ਜ਼ਿਲ੍ਹੇ ਵਿੱਚ ਅੱਜ ਤੋਂ ਝੋਨੇ ਦੀ ਲੁਆਈ ਦੀ ਸ਼ੁਰੂਆਤ ਹੋ ਰਹੀ ਹੈ ਅਤੇ ਮੌਜੂਦਾ ਮੀਂਹ ਕਾਰਨ ਆਉਣ ਵਾਲੇ ਦਿਨਾਂ ਵਿੱਚ ਲੁਆਈ ਦੇ ਕੰਮ ਨੂੰ ਹੋਰ ਤੇਜ਼ੀ ਮਿਲੇਗੀ। ਉਨ੍ਹਾਂ ਕਿਹਾ ਕਿ ਮੀਂਹ ਨਾਲ ਜ਼ਮੀਨ ਵਿੱਚ ਨਮੀ ਵਧੇਗੀ, ਜਿਸ ਦਾ ਸਿੱਧਾ ਲਾਭ ਫ਼ਸਲਾਂ ਨੂੰ ਮਿਲੇਗਾ ਪਰ ਉਨ੍ਹਾਂ ਨੇ ਦੱਸਿਆ ਕਿ ਤੇਜ਼ ਹਨ੍ਹੇਰੀ ਕਰਕੇ ਕੁੱਝ ਥਾਵਾਂ ਤੇ ਮੱਕੀ ਨੂੰ ਥੋੜ੍ਹਾ ਨੁਕਸਾਨ ਵੀ ਪਹੁੰਚਿਆ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਦਿਨ੍ਹਾਂ ਤੋਂ ਕਾਫ਼ੀ ਗਰਮੀ ਪੈ ਰਹੀ ਸੀ, ਪਰ ਇਸ ਬਦਲੇ ਮੌਸਮ ਦੇ ਕਾਰਨ ਕੁੱਝ ਰਾਹਤ ਵੀ ਮਿਲੀ ਹੈ।