-ਨਰਮਾਂ ਫੂਕ ਕੀਤਾ ਪ੍ਰਦਰਸ਼ਨ

ਸੁਰਿੰਦਰ ਲਾਲੀ, ਮਾਨਸਾ : ਨਰਮੇ ਦੀ ਫਸਲ ਦੀ ਖਰੀਦ ਸਮੇਂ ਕਿਸਾਨਾਂ ਦੀ ਕੀਤੀ ਜਾਂਦੀ ਲੁੱਟ ਦੇ ਖਿਲਾਫ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਮਾਨਸਾ ਸ਼ਹਿਰ ਵਿਚ ਸਰਕਾਰਾਂ ਖਿਲਾਫ ਮੁਜਾਹਰਾ ਕਰਕੇ ਡੀਸੀ ਦਫ਼ਤਰ ਨੇੜੇ ਪਹੁੰਚ ਕੇ ਰੋਸ ਵਜੋਂ ਨਰਮਾ ਫੂਕ ਕੇ ਕਿਸਾਨਾਂ ਨੇ ਗੁੱਸਾ ਪ੍ਰਗਟ ਕੀਤਾ। ਨਰਮੇ ਦੀ ਢੇਰੀ ਨੂੰ ਅੱਗ ਲਾਉਣ ਸਮੇਂ ਜ਼ਿਲ੍ਹਾ ਕਚਿਹਰੀਆਂ 'ਚ ਜੁੜੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਜ਼ਿਲ੍ਹਾ ਮਾਨਸਾ ਦੇ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਨੇ ਕਿਹਾ ਕਿ ਸਰਕਾਰਾਂ ਦੀਆਂ ਨੀਤੀਆ ਸਦਕਾ ਅੱਜ ਨਰਮਾ ਉਤਪਾਦਕ ਕਿਸਾਨਾਂ ਨੂੰ ਸ਼ਰੇਆਮ ਮੰਡੀਆਂ ਵਿਚ ਲੁੱਟਿਆ ਜਾ ਰਿਹਾ ਹੈ। ਇਸ ਲੁੱਟ ਨੂੰ ਰੋਕਣ ਲਈ ਅਧਿਕਾਰੀਆਂ ਵੱਲੋਂ ਅੱਗੇ ਆਉਣ ਦੀ ਬਜਾਏ ਸਗੋਂ ਆਪਣੀਆਂ ਅੱਖਾਂ ਬੰਦ ਕਰ ਲਈਆਂ ਹਨ। ਕਿਸਾਨ ਆਗੂ ਨੇ ਕਿਹਾ ਕਿ ਸਵਾਮੀ ਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਮੁਤਾਬਿਕ ਸਾਰੇ ਲਾਗਤ ਖਰਚੇ ਜੋੜ ਕੇ ਨਰਮੇ ਦਾ ਰੇਟ 8200 ਰੁਪਏ ਪ੍ਰਤੀ ਕੁਇੰਟਲ ਬਣਦਾ ਹੈ। ਕੇਂਦਰ ਸਰਕਾਰ ਵੱਲੋਂ ਇਹ ਰੇਟ ਦੇਣ ਦੀ ਬਜਾਏ ਸਿਰਫ 5550 ਰੁਪਏ ਪ੍ਰਤੀ ਕੁਇੰਟਲ ਨਰਮੇ ਦੀ ਫਸਲ ਦਾ ਰੇਟ ਤੈਅ ਕੀਤਾ ਹੈ, ਪਰ ਹੁਣ ਮੰਡੀਆਂ ਵਿਚ ਫ਼ਸਲ ਦੀ ਖਰੀਦ ਸਮੇਂ ਇਹ ਵੀ ਕਿਸਾਨਾਂ ਨੂੰ ਪੂਰਾ ਨਹੀਂ ਦਿੱਤਾ ਜਾਂਦਾ। ਸਰਕਾਰੀ ਖਰੀਦ ਏਜੰਸੀਆਂ ਦੇ ਮੰਡੀਆਂ ਵਿਚ ਨਾ ਆਉਣ ਕਾਰਨ ਵਪਾਰੀ ਵਰਗ ਮਨ ਮਰਜੀ ਦੇ ਨਾਲ ਨਰਮੇ ਦਾ ਰੇਟ 4600-4700 ਰੁਪਏ ਤੋਂ ਵੱਧ ਨਹੀਂ ਦੇ ਰਹੇ। ਭੈਣੀ ਬਾਘਾ ਦਾ ਕਹਿਣਾ ਹੈ ਕਿ ਜਿੱਥੇ ਕੇਂਦਰ ਸਰਕਾਰ ਦੀ ਨਰਮਾ ਖਰੀਦਣ ਵਾਲੀ ਏਜੰਸੀ ਸੀਸੀਆਈ ਮੰਡੀ ਵਿਚ ਨਹੀਂ ਵੌੜੀ ਉੱਥੇ ਪੰਜਾਬ ਦੀ ਕੈਪਟਨ ਸਰਕਾਰ ਨੇ ਵੀ ਆਪਣੀ ਖਰੀਦ ਏਜੰਸੀ ਮਾਰਕਫੈਡ ਦਾ ਖਰੀਦ ਦੇ ਮਾਮਲੇ ਵਿਚ ਰੱਸਾ ਲਬੇਟ ਦਿੱਤਾ ਹੈ, ਜਿਸ ਦਾ ਸਿੱਟਾ ਕਿਸਾਨਾਂ ਦੀ ਲੁੱਟ ਵਿਚ ਨਿਕਲ ਰਿਹਾ ਹੈ। ਪਿਛਲੇ ਸਮੇਂ ਤੋਂ ਲਾਗਤ ਖਰਚਿਆਂ ਮੁਤਾਬਿਕ ਕਿਸਾਨਾਂ ਨੂੰ ਫ਼ਸਲਾਂ ਦੇ ਭਾਅ ਨਾ ਦੇਣ ਕਾਰਨ ਅੱਜ ਕਿਸਾਨਾਂ ਸਿਰ ਕਰਜੇ ਦੀਆਂ ਪੰਡਾਂ ਭਾਰੀ ਹੋ ਰਹੀਆਂ ਹਨ ਹਰ ਰੋਜ਼ ਖੁਦਕੁਸ਼ੀਆਂ ਹੋ ਰਹੀਆਂ ਹਨ, ਪਰ ਹਕੂਮਤਾਂ ਚੁੱਪ ਹੋ ਗਈਆਂ ਹਨ। ਉਨ੍ਹਾਂ ਮੰਗ ਕੀਤੀ ਕਿ ਸਰਕਾਰੀ ਖਰੀਦ ਏਜੰਸੀਆਂ ਨੂੰ ਤੁਰੰਤ ਮੰਡੀਆਂ ਵਿਚ ਭੇਜ ਕੇ ਨਰਮੇ ਦੀ ਸਰਕਾਰੀ ਖਰੀਦ ਸ਼ੁਰੂ ਕੀਤੀ ਜਾਵੇ। ਕਿਸਾਨਾਂ ਨੂੰ ਸਰਕਾਰ ਵੱਲੋਂ ਤੈਅ ਕੀਤਾ ਨਰਮੇ ਦਾ ਰੇਟ ਪੂਰਾ ਦਿੱਤਾ ਜਾਵੇ। ਇਸ ਮੌਕੇ ਮਹਿੰਦਰ ਸਿੰਘ ਰੁਮਾਣਾ, ਇੰਦਰਜੀਤ ਸਿੰਘ ਝੱਬਰ, ਜੋਗਿੰਦਰ ਸਿੰਘ ਦਿਆਲਪੁਰਾ, ਉੱਤਮ ਸਿੰਘ ਰਾਮਾਂਨੰਦੀ, ਜਗਦੇਵ ਸਿੰਘ ਭੈਣੀ ਬਾਘਾ, ਸੁੱਖਾ ਸਿੰਘ ਗੋਰਖਨਾਥ, ਮਲਕੀਤ ਸਿੰਘ ਕੋਟ ਧਰਮੂ, ਜੱਗਾ ਸਿੰਘ ਜਟਾਣਾ, ਮੇਜਰ ਸਿੰਘ ਗੋਬਿੰਦਪੁਰਾ, ਭਾਨ ਸਿੰਘ ਬਰਨਾਲਾ, ਸਾਧੂ ਸਿੰਘ, ਭੋਲਾ ਸਿੰਘ ਮਾਖਾ, ਬਿੱਟੂ ਖੋਖਰ ਖੁਰਦ ਨੇ ਸੰਬੋਧਨ ਕੀਤਾ।