ਪਿ੍ਰਤਪਾਲ ਸਿੰਘ, ਮਾਨਸਾ : ਕੋਰੋਨਾ ਕਹਿਰ ਦੇ ਮੱਦੇਨਜ਼ਰ ਭਾਰਤ ਤੇ ਪੰਜਾਬ ਸਰਕਾਰ ਵੱਲੋਂ ਜਨਤਕ ਕਰਫਿਊ ਦੇ ਐਲਾਨ ਕਰਦਿਆਂ ਲੋਕਾਂ ਨੂੰ 22 ਮਾਰਚ ਦੇ ਦਿਨ ਆਪੋ ਆਪਦੇ ਘਰਾਂ ਵਿੱਚ ਰਹਿਣ ਦੀ ਕੀਤੀ ਅਪੀਲ ਦਾ ਮਾਨਸਾ ਸ਼ਹਿਰ ਅੰਦਰ 100 ਫੀਸਦੀ ਅਸਰ ਹੋਇਆ। ਐਤਵਾਰ ਨੂੰ ਸ਼ਹਿਰ ਮੁਕੰਮਲ ਬੰਦ ਰਿਹਾ ਅਤੇ ਲੋਕਾਂ ਨੇ ਆਪਣੇ ਘਰਾਂ 'ਚ ਰਹਿਕੇ ਪੂਰਾ ਦਿਨ ਬਿਤਾਇਆ।

ਕਰੋਨਾ ਵਾਇਰਸ ਤੋਂ ਬਚਾਅ ਅਤੇ ਇਸਤੇ ਕੰਟਰੋਲ ਕਰਨ ਦੇ ਮੰਤਵ ਨਾਲ ਭਾਰਤ ਅਤੇ ਪੰਜਾਬ ਸਰਕਾਰਾਂ ਵੱਲੋਂ 22 ਮਾਰਚ ਐਤਵਾਰ ਨੂੰ ਜਨਤਕ ਕਰਫਿਊ ਦੇ ਕੀਤੇ ਐਲਾਨ ਦਾ ਮਾਨਸਾ ਸ਼ਹਿਰ ਅੰਦਰ ਪੂਰਾ ਅਸਰ ਹੋਇਆ। ਲੋਕਾਂ ਵੱਲੋਂ ਆਪਣੇ ਕੰਮ ਕਾਰ ਠੱਪ ਰੱਖਕੇ ਘਰਾਂ ਵਿੱਚ ਰਹਿਕੇ ਹੀ ਪੂਰਾ ਦਿਨ ਬਤੀਤ ਕੀਤਾ ਗਿਆ। ਸ਼ਹਿਰ ਦੇ ਸਮੂਹ ਬਜ਼ਾਰ ਕੋਰਟ ਰੋਡ, ਲਿੰਕ ਰੋਡ, ਸਿਨੇਮਾ ਰੋਡ, ਵਨ ਵੇ ਟ੍ਰੈਫਿਕ ਰੋਡ, ਲੱਲੂਆਣਾ ਰੋਡ, ਗਊਸ਼ਾਲਾ ਰੋਡ, ਗੁਰਦੁਆਰਾ ਚੌਕ, ਮੇਨ ਬਜ਼ਾਰ, ਬਾਰ੍ਹਾਂ ਹੱਟਾਂ ਚੌਕ, ਪਾਰਕ ਰੋਡ, ਹਸਪਤਾਲ ਰੋਡ, ਵਾਟਰ ਵਰਕਸ ਰੋਡ ਅਤੇ ਜਵਾਹਰਕੇ ਰੋਡ ਸਮੇਤ ਸਾਰੇ ਬਜ਼ਾਰ ਮੁਕੰਮਲ ਬੰਦ ਰਹੇ। ਸ਼ਹਿਰ ਅੰਦਰ ਦੁੱਧ ਅਤੇ ਸਬਜ਼ੀ ਆਦਿ ਦੀ ਸਪਲਾਈ ਵੀ ਠੱਪ ਰਹੀ। ਜਨਤਕ ਕਰਫਿਊ ਸਬੰਧੀ ਅਗੇਤੀ ਜਾਣਕਾਰੀ ਹੋਣ ਕਰਕੇ ਲੋਕਾਂ ਵੱਲੋਂ ਪਿਛਲੇ ਦਿਨੀਂ ਹੀ ਜਰੂਰੀ ਵਸਤਾਂ ਦੀ ਖਰੀਦਦਾਰੀ ਕਰ ਲਈ ਗਈ ਸੀ। ਆਮ ਸ਼ਹਿਰੀਆਂ ਅੰਦਰ ਕਰੋਨਾ ਵਾਇਰਸ ਦਾ ਕਾਫੀ ਡਰ ਹੋਣ ਕਰਕੇ ਬਚਾਅ ਲਈ ਲੋਕਾਂ ਨੇ ਘਰਾਂ ਅੰਦਰ ਰਹਿਣ ਨੂੰ ਤਰਜੀਹ ਦਿੱਤੀ । ਸਮੁੱਚੇ ਸ਼ਹਿਰ ਦੇ ਦੌਰੇ ਦੌਰਾਨ ਦੇਖਿਆ ਗਿਆ ਕਿ ਕਿਸੇ ਵੀ ਬਜ਼ਾਰ ਜਾਂ ਗਲੀ ਵਿੱਚ ਕੋਈ ਵੀ ਦੁਕਾਨ ਖੁਲ੍ਹੀ ਹੋਈ ਨਹੀਂ ਸੀ। ਇੱਥੋਂ ਤੱਕ ਕਿ ਲੋਕਾਂ ਦੇ ਘਰਾਂ ਦੇ ਦਰਵਾਜ਼ੇ ਵੀ ਬੰਦ ਸਨ । ਸ਼ਹਿਰ ਵਿੱਚ ਪੂਰੀ ਤਰ੍ਹਾਂ ਸੁੰਨ ਛਾਈ ਹੋਈ ਸੀ। ਲੋਕਾਂ ਨੂੰ ਇਸ ਖਤਰਨਾਕ ਲਾਇਲਾਜ ਬਿਮਾਰੀ ਦੇ ਨਤੀਜਿਆਂ ਦੀ ਜਾਣਕਾਰੀ ਹੋਣ ਕਰਕੇ ਸ਼ਹਿਰ ਵਾਸੀ ਕਾਫੀ ਸੁਚੇਤ ਨਜ਼ਰ ਆਏ।

ਗੱਲਬਾਤ ਕਰਦਿਆਂ ਬਹੁਮੰਤਵੀ ਖੇਡ ਸਟੇਡੀਅਮ ਸੁਧਾਰ ਕਮੇਟੀ ਦੇ ਪ੍ਰਧਾਨ ਐਡਵੋਕੇਟ ਗੁਰਲਾਭ ਸਿੰਘ ਮਾਹਲ, ਵਪਾਰ ਮੰਡਲ ਦੇ ਪ੍ਰਧਾਨ ਮੁਨੀਸ਼ ਬੱਬੀ ਦਾਨੇਵਾਲੀਆ, ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ, ਪੰਜਾਬ ਮੈਡੀਕਲ ਪ੍ਰਰੈਕਟੀਸ਼ਨਰਜ਼ ਐਸੋਸੀਏਸ਼ਨ ਦੇ ਪ੍ਰਧਾਨ ਡਾ. ਧੰਨਾ ਮੱਲ ਗੋਇਲ, ਬਾਰ ਐਸੋਸੀਏਸ਼ਨ ਦੇ ਸੈਕਟਰੀ ਐਡਵੋਕੇਟ ਗੁਰਦਾਸ ਸਿੰਘ ਮਾਨ ਅਤੇ ਵਾਇਸ ਪ੍ਰਧਾਨ ਐਡਵੋਕੇਟ ਅੰਗਰੇਜ਼ ਸਿੰਘ ਕਲੇਰ ਨੇ ਕਿਹਾ ਕਿ ਕਰੋਨਾ ਵਾਇਰਸ ਦੇ ਖਤਰੇ ਨੂੰ ਦੇਖਦਿਆਂ ਸ਼ਹਿਰ ਵਾਸੀਆਂ ਨੂੰ ਬਚਾਅ ਰੱਖਣਾ ਬਹੁਤ ਜਰੂਰੀ ਹੈ। ਇਸ ਲਈ ਵਿਗਿਆਨਕਾਂ ਅਤੇ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪੂਰੀ ਪਾਲਣਾ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜਿਲ੍ਹਾ ਪ੍ਰਸ਼ਾਸਨ ਤੇ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਜਨਤਕ ਕਰਫਿਊ ਦੌਰਾਨ ਆਮ ਲੋਕਾਂ ਲਈ ਸਬਜ਼ੀ, ਦੁੱਧ ਅਤੇ ਹੋਰ ਜਰੂਰੀ ਵਸਤਾਂ ਮੁਹੱਈਆ ਕਰਵਾਉਣ ਦੇ ਢੁੱਕਵੇਂ ਪ੍ਰਬੰਧ ਕਰਨੇ ਚਾਹੀਦੇ ਹਨ। ਉਨ੍ਹਾਂ ਸਮੂਹ ਸ਼ਹਿਰੀਆਂ ਨੂੰ ਸਰਕਾਰ ਅਤੇ ਪ੍ਰਸ਼ਾਸਨ ਦੇ ਆਦੇਸ਼ਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ।

---31 ਮਾਰਚ ਤੱਕ ਜਾਰੀ ਰਹੇਗਾ ਜਨਤਕ ਕਰਫਿਊ - ਡੀਸੀ

-ਇਸ ਸਬੰਧੀ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਮਾਨਸਾ ਗੁਰਪਾਲ ਸਿੰਘ ਚਹਿਲ ਨੇ ਕਿਹਾ ਕਿ 22 ਮਾਰਚ ਦੇ ਜਨਤਕ ਕਰਫਿਊ ਦੌਰਾਨ ਸਹਿਯੋਗ ਦੇ ਕੇ ਜਿਲ੍ਹਾ ਵਾਸੀਆਂ ਨੇ ਚੰਗੇ ਨਾਗਰਿਕ ਹੋਣ ਦਾ ਪ੍ਰਮਾਣ ਪੇਸ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਮਨੁੱਖੀ ਸਿਹਤ ਦੀ ਤੰਦਰੁਸਤੀ ਅਤੇ ਕਰੋਨਾ ਵਾਇਰਸ 'ਤੇ ਕਾਬੂ ਪਾਉਣ ਲਈ 31 ਮਾਰਚ ਤੱਕ ਜਨਤਕ ਕਰਫਿਊ ਲਗਾਤਾਰ ਜਾਰੀ ਰੱਖਿਆ ਜਾਵੇਗਾ, ਪਰ ਇੰਨ੍ਹਾਂ ਦਿਨਾਂ ਵਿੱਚ ਜਰੂਰੀ ਵਸਤਾਂ ਦੀ ਉਪਲਬਧਤਾ ਲਈ ਦੁਕਾਨਾਂ ਖੋਲ੍ਹਣ ਦੀ ਆਗਿਆ ਹੋਵੇਗੀ। ਜਿੱਥੇ ਪਰਿਵਾਰ ਦਾ ਇੱਕ ਵਿਅਕਤੀ ਜਾ ਕੇ ਖਰੀਦੋ ਫਰੋਖਤ ਕਰ ਸਕਦਾ ਹੈ। ਡੀਸੀ ਮਾਨਸਾ ਗੁਰਪਾਲ ਸਿੰਘ ਚਹਿਲ ਨੇ ਕਿਹਾ ਕਿ ਸ਼ਹਿਰ ਅੰਦਰ 10 ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ ਦੀ ਸਖਤ ਮਨਾਹੀ ਰਹੇਗੀ। ਉਨ੍ਹਾਂ ਜਿਲ੍ਹਾ ਵਾਸੀਆਂ ਅਤੇ ਸਮੂਹ ਵਰਗਾਂ ਨੂੰ ਸਹਿਯੋਗ ਦੇਕੇ ਮਨੁੱਖੀ ਤੰਦਰੁਸਤੀ ਲਈ ਯੋਗਦਾਨ ਪਾਉਣ ਦੀ ਅਪੀਲ ਕੀਤੀ ।