-ਡਿਪਟੀ ਕਮਿਸ਼ਨਰ ਨੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਨਾਲ ਕੀਤੀ ਮੀਟਿੰਗ

ਸਟਾਫ ਰਿਪੋਰਟਰ, ਮਾਨਸਾ : ਸੰਭਾਵੀ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਕੀਤੇ ਜਾਣ ਵਾਲੇ ਯੋਗ ਪ੍ਰਬੰਧਾ ਨੂੰ ਲੈ ਕੇ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਅੱਜ ਸਮੂਹ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਡਿਪਟੀ ਕਮਿਸ਼ਨਰ ਨੇ ਸਮੂਹ ਅਧਿਕਾਰੀਆਂ ਨੂੰ ਦਿਸ਼ਾ- ਨਿਰਦੇਸ਼ ਦਿੰਦਿਆਂ ਕਿਹਾ ਕਿ ਸੰਭਾਵੀ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਬਚਾਅ ਕਾਰਜਾਂ ਲਈ ਜ਼ਰੂਰੀ ਸਾਮਾਨ ਅਤੇ ਅਮਲਾ ਮੁਸਤੈਦ ਰਹੇ। ਉਨ੍ਹਾਂ ਜਿੱਥੇ ਜ਼ਿਲ੍ਹਾ ਖੁਰਾਕ ਸਪਲਾਈ ਕੰਟਰੋਲਰ ਅਧਿਕਾਰੀ ਨੂੰ ਰਾਸ਼ਨ ਸਪਲਾਈ ਦੇ ਪ੍ਰਬੰਧ ਕਰਨ ਰੱਖਣ ਲਈ ਕਿਹਾ ਉੱਥੇ ਹੀ ਸਿਵਲ ਸਰਜਨ ਨੂੰ ਸੱਪ ਦੇ ਡੰਗ ਤੋਂ ਬਚਾਅ ਵਾਲੀਆਂ ਅਤੇ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਲਈ ਦਵਾਈਆਂ ਤਿਆਰ ਰੱਖਣ ਲਈ ਕਿਹਾ। ਉਨ੍ਹਾਂ ਐੱਸਡੀਐੱਮ ਬੁਢਲਾਡਾ ਅਤੇ ਮਾਨਸਾ ਨੂੰ ਲੋਕਾਂ ਦੇ ਬਚਾਅ ਅਤੇ ਰਾਹਤ ਲਈ ਨਿਰਧਾਰਿਤ ਕੀਤੀਆਂ ਥਾਵਾਂ ਜਿਵੇਂ ਕਿ ਗੁਰੂਦੁਆਰਾ ਸਾਹਿਬ, ਮੰਦਿਰ, ਧਰਮਸ਼ਾਲਾਵਾਂ ਆਦਿ ਦੀ ਲਿਸਟ ਪੁਲਿਸ ਅਤੇ ਆਰਮੀ ਨਾਲ ਸਾਂਝੀ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਬੀਡੀਪੀਓਜ਼, ਸਰਪੰਚ, ਯੂਥ ਕਲੱਬ ਵੀ ਕਿਸੇ ਵੀ ਤਰਾਂ ਦੇ ਆਫ਼ਤ ਪ੍ਰਬੰਧਨ ਲਈ ਮੁਸਤੈਦ ਰਹਿਣ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਐੱਸਡੀਐੱਮਜ਼ ਵੱਲੋਂ ਪਿੰਡ ਵਾਈਜ਼ ਨੋਡਲ ਅਫ਼ਸਰ ਤਾਇਨਾਤ ਕੀਤੇ ਗਏ ਹਨ ਜੋ ਹਰ ਤਰਾਂ ਦੀ ਸਥਿਤੀ ਦਾ ਜਾਇਜ਼ਾ ਲੈਣਗੇ। ਉਨ੍ਹਾਂ ਦੱਸਿਆ ਕਿ ਆਰਮੀ ਵੱਲੋਂ ਕਿਸ਼ਤੀਆਂ ਅਤੇ ਟੈਂਟ ਦਾ ਪ੍ਰਬੰਧ ਕੀਤਾ ਗਿਆ ਹੈ, ਕਿਸੇ ਵੀ ਤਰਾਂ ਦੀ ਸਥਿਤੀ ਨਾਲ ਨਜਿੱਠਣ ਲਈ ਪੁਲਿਸ ਅਤੇ ਪ੍ਰਸ਼ਾਸਨ ਦਾ ਸੁਚੱਜਾ ਤਾਲਮੇਲ ਹੈ ਅਤੇ ਜ਼ਰੂਰਤ ਪੈਣ ਤੇ ਐੱਨਡੀਆਰਐੱਫ਼ ਦੀ ਵੀ ਮਦਦ ਲਈ ਜਾਵੇਗੀ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਰਾਜਦੀਪ ਸਿੰਘ ਬਰਾੜ, ਐੱਸਡੀਐੱਮ ਮਾਨਸਾ ਅਭੀਜੀਤ ਕਪਲਿਸ਼, ਐੱਸਡੀਐੱਮ ਬੁਢਲਾਡਾ ਆਦਿੱਤਯ ਡੇਚਲਵਾਲ, ਐੱਸਡੀਐੱਮ ਸਰਦੂਲਗੜ੍ਹ ਲਤੀਫ਼ ਅਹਿਮਦ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਦਿਨੇਸ਼ ਵਸ਼ਿਸ਼ਟ ਮੌਜੂਦ ਸਨ।