ਡੀ.ਸੀ ਮਾਨਸਾ ਨੇ ਸਰਦੂਲਗੜ੍ਹ ਚ' ਘੱਗਰ ਦਰਿਆ ਦਾ ਕੀਤਾ ਦੌਰਾ

ਜਸਵਿੰਦਰ ਜੌੜਕੀਆਂ, ਸਰਦੂਲਗੜ੍ਹ : ਪੰਜਾਬ ਵਿਚ ਆਏ ਹੜ੍ਹਾ ਨੂੰ ਦੇਖਦੇ ਹੋਏ ਜ਼ਿਲ਼੍ਹਾ ਪ੍ਰਸ਼ਾਸਨ ਮਾਨਸਾ ਅਤੇ ਸਬ ਡਵੀਜ਼ਨ ਪ੍ਰਸ਼ਾਸਨ ਸਰਦੂਲਗੜ੍ਹ ਵੀ ਹਰਕਤ ਵਿਚ ਆ ਗਿਆ ਹੈ। ਸਰਦੂਲਗੜ੍ਹ ਸ਼ਹਿਰ ਦੇ ਨਜ਼ਦੀਕ ਗੁਜਰ ਰਿਹਾ ਘੱਗਰ ਦਰਿਆ ਵਿਚ ਪਾਣੀ ਆਉਣ ਦੀ ਸੰਭਾਵਨਾ ਨੂੰ ਦੇਖਦੇ ਹੋਏ ਡਿਪਟੀ ਕਮਸ਼ਿਨਰ ਮਾਨਸਾ ਅਪਨੀਤ ਰਿਆਤ ਅਤੇ ਐੱਸਡੀਐੱਮ ਸਰਦੂਲਗੜ੍ਹ ਲਤੀਫ ਅਹਿਮਦ ਨੇ ਰਾਤ 8:30 ਵਜੇ ਦੇ ਕਰੀਬ ਘੱਗਰ ਦਰਿਆ ਦਾ ਦੌਰਾ ਕੀਤਾ ਅਤੇ ਹੜ੍ਹ ਆਉਣ ਸਥਿਤੀ ਨੂੰ ਦੇਖਦੇ ਹੋਏ ਪ੍ਰਬੰਧਾ ਦਾ ਜਾਇਜ਼ਾ ਲਿਆ। ਇਸ ਤੋਂ ਇਲਾਵਾ ਪੰਜਾਬ ਸਰਕਾਰ ਦੀਆਂ ਹਦਾਇਤਾ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਨੇ ਘੱਗਰ ਵਿਚ ਹੜ੍ਹ ਆਉਣ ਦੀ ਸਥਿਤੀ ਨੂੰ ਦੇਖਦੇ ਹੋਏ ਘੱਗਰ ਦਰਿਆ ਦੇ ਨਜ਼ਦੀਕ ਵੱਸਦੇ ਪਿੰਡਾਂ ਦੇ ਲੋਕਾਂ ਦੇ ਰਹਿਣ ਲਈ ਆਰਜੀ ਕੈਂਪ ਵੀ ਬਣਾ ਦਿੱਤੇ ਗਏ ਹਨ ਅਤੇ ਇੰਨ੍ਹਾ ਕੈਂਪਾ ਨੂੰ ਸਾਂਭ-ਸੰਭਾਲ ਲਈ ਅਲੱਗ-ਅਲੱਗ ਅਧਿਕਾਰੀਆਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਹਨ। ਇਸ ਸਬੰਧ ਵਿਚ ਐੱਸਡੀਐੱਮ ਸਰਦੂਲਗੜ੍ਹ ਲਤੀਫ ਅਹਿਮਦ ਨੇ ਦੱਸਿਆ ਕਿ ਜਾਣਕਾਰੀ ਮਿਲੀ ਹੈ ਕਿ ਸ਼ੁਕਰਵਾਰ ਤਕ ਘੱਗਰ ਵਿਚ ਪਾਣੀ ਆ ਸਕਦਾ ਹੈ। ਉਨ੍ਹਾਂ ਕਿਹਾ ਕਿ ਘੱਗਰ ਦਰਿਆ ਸਰਦੂਲਗੜ੍ਹ ਵਿੱਚ 21 ਫੁੱਟ ਤਕ ਪਾਣੀ ਆਉਣ ਤੇ ਵੀ ਕੋਈ ਖਤਰੇ ਵਾਲੀ ਗੱਲ ਨਹੀਂ ਹੈ ਫਿਰ ਵੀ ਕਿਸੀ ਵੀ ਸਥਿਤੀ ਨਾਲ ਨਜਿੱਠਣ ਲਈ ਪ੍ਰਸ਼ਾਸਨ ਪੂਰੀ ਤਿਆਰੀ ਕੀਤੀ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਹੜ੍ਹ ਪ੍ਰਭਾਵਿਤ ਪਿੰਡ ਕਾਹਨੇਵਾਲਾ, ਭੂੰਦੜ, ਹੀਰਕੇ, ਬਰਨ, ਕਰੀਪੁਰ ਡੁੰਮ, ਭੱਲਣਵਾੜਾ, ਕੋੜੀਵਾੜਾ, ਸਰਦੂਲਗੜ੍ਹ, ਭਗਵਾਨਪੁਰ ਹੀਂਗਣਾ, ਰਣਜੀਤਗੜ੍ਹ ਬਾਂਦਰਾ, ਮੀਰਪੁਰ ਕਲਾਂ, ਮੀਰਪੁਰ ਖੁਰਦ, ਸਰਦੂਲੇਵਾਲਾ, ਧਿੰਗਾਣਾ, ਆਹਲੂਪੁਰ, ਰੋੜਕੀ, ਝੰਡਾ ਖੁਰਦ, ਫੂਸਮੰਡੀ ਅਤੇ ਸਾਧੂਵਾਲਾ ਪਿੰਡਾ ਦੇ ਲੋਕਾਂ ਦੇ ਰਹਿਣ ਲਈ ਅਲੱਗ-ਅਲੱਗ ਥਾਂਵਾ 'ਤੇ 9 ਰਾਹਤ ਕੈਂਪ ਬਣਾਏ ਗਏ ਹਨ। ਜਿਸ ਲਈ ਹਰੇਕ ਪ੍ਰਕਾਰ ਦੀ ਸਹੂਲਤ ਦੇਣ ਲਈ ਅਧਿਕਾਰੀਆਂ ਅਤੇ ਕਰਮਚਾਰੀਆ ਦੀਆ ਡਿਊਟੀਆਂ ਲਗਾਈਆਂ ਗਈਆਂ ਹਨ। ਇਸ ਤੋਂ ਇਲਾਵਾ ਹਰੇਕ ਪਿੰਡ ਵਿਚ ਲੋਕਾਂ ਨਾਲ ਰਾਬਤਾ ਰੱਖਣ ਲਈ ਇਕ-ਇਕ ਅਧਿਕਾਰੀ ਦੀ ਡਿਊਟੀ ਲਗਾਈ ਜਾ ਰਹੀ ਹੈ।