ਜਗਤਾਰ ਸਿੰਘ ਧੰਜਲ, ਮਾਨਸਾ : ਨਗਰ ਕੌਂਸਲ ਦੀਆਂ ਚੋਣਾਂ ਦਾ ਐਲਾਨ ਹੁੰਦੇ ਹੀ ਕਈ ਵਾਰਡਾਂ ਅੰਦਰ ਵੋਟਾਂ ਕੱਟੇ ਜਾਣ ਨੂੰ ਲੈ ਕੇ ਉਮੀਦਵਾਰਾਂ 'ਚ ਰੋਸ ਖੜ੍ਹਾ ਹੋ ਗਿਆ ਹੈ, ਹਾਲਾਂਕਿ ਸ਼ਹਿਰ ਦੇ 27 ਵਾਰਡਾਂ 'ਚੋਂ ਕਈ ਵਾਰਡਾਂ 'ਚ ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਸੁਣਨ ਨੂੰ ਮਿਲੀਆਂ ਹਨ, ਪਰ ਵਾਰਡ ਨੰ: 3 ਵਿੱਚੋਂ ਵੱਡੀ ਤਦਾਦ 'ਚ ਲੋਕਾਂ ਦੀਆਂ ਵੋਟਾਂ ਕੱਟ ਕੇ ਉਸ ਨੂੰ ਨਾਲ ਲੱਗਦੇ ਕਿਸੇ ਹੋਰ ਵਾਰਡ ਵਿੱਚ ਸ਼ਾਮਲ ਕਰਨ ਦਾ ਪੰਗਾ ਪੈ ਗਿਆ ਹੈ। ਲੰਮੇਂ ਸਮੇਂ ਤੋਂ ਚੋਣਾਂ ਦੀ ਤਿਆਰੀ ਕਰ ਰਹੇ ਵਾਰਡ ਦੇ ਸੰਭਾਵੀ ਉਮੀਦਵਾਰਾਂ ਨੇ ਇਸ ਦੀ ਸ਼ਿਕਾਇਤ ਚੋਣ ਅਤੇ ਜ਼ਿਲ੍ਹਾ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੂੰ ਕਰਕੇ ਇਹ ਵੋਟਾਂ ਦਰੁਸਤ ਕਰਨ ਦੀ ਮੰਗ ਕੀਤੀ ਹੈ। ਅਧਿਕਾਰੀਆਂ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਹੈ ਕਿ 26 ਜਨਵਰੀ ਉਪਰੰਤ ਇੰਨ੍ਹਾਂ ਵੋਟਾਂ 'ਚ ਸੁਧਾਈ ਕਰਕੇ ਨਵੀਆਂ ਸੂਚੀਆਂ ਜਾਰੀ ਕੀਤੀਆਂ ਜਾਣਗੀਆਂ, ਪਰ ਹਾਲ ਦੀ ਘੜੀ ਵੱਡੀ ਤਦਾਦ 'ਚ ਵਾਰਡ ਨੰ: 3 ਵਿੱਚੋਂ ਵੋਟਾਂ ਕੱਟੇ ਜਾਣ ਨੂੰ ਲੈ ਕੇ ਸੰਭਾਵੀ ਉਮੀਦਵਾਰ ਚਿੰਤਾ ਵਿੱਚ ਹਨ। ਇੱਥੋਂ ਤੱਕ ਕਿ ਜਿਹੜੀ ਸੰਭਾਵੀ ਮਹਿਲਾ ਉਮੀਦਵਾਰ ਨੇ ਇਸ ਵਾਰਡ ਵਿੱਚ ਚੋਣ ਲੜਨ ਦੀ ਤਿਆਰੀ ਵਿੱਢੀ ਹੋਈ ਹੈ। ਉਸ ਦੀ ਵੋਟ ਵੀ ਨਵੀਂ ਵੋਟਰ ਸੂਚੀ ਵਿੱਚੋਂ ਗਾਇਬ ਹੈ।

ਵਾਰਡ ਨੰ: 3 ਵਿੱਚੋਂ ਮਹਿਲਾ ਉਮੀਦਵਾਰ ਰਿੰਪਲ ਸਿੰਗਲਾ ਨੇ ਚੋਣ ਲੜਨ ਦੀ ਤਿਆਰੀ ਵਿੱਢੀ ਹੋਈ ਹੈ। ਉਸ ਵੱਲੋਂ ਮੁੱਢਲੀ ਤਿਆਰੀ ਵਜੋਂ ਵਾਰਡ ਦੇ ਕੁੱਝ ਥਾਵਾਂ ਤੇ ਆਪਣੇ ਪੋਸਟਰ ਵੀ ਲਗਾ ਦਿੱਤੇ ਹਨ, ਪਰ ਨਵੀਂ ਸੂਚੀ ਵਿੱਚੋਂ ਉਹ ਆਪਣਾ ਨਾਂ ਗਾਇਬ ਦੇਖਦੇ ਦੰਗ ਰਹਿ ਗਏ। ਉਨ੍ਹਾਂ ਦੇ ਪਿਤਾ ਪਾਲੀ ਠੇਕੇਦਾਰ ਨੇ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਉਨ੍ਹਾਂ ਨੇ ਵਾਰਡ ਨੰ: 3 'ਚੋਂ ਵੱਡੀ ਤਦਾਦ 'ਚ ਵੋਟਾਂ ਪਾਈਆਂ, ਪਰ ਹੁਣ ਉਹੀ ਵੋਟਾਂ ਵਾਰਡ ਦੀ ਨਵੀਂ ਵੋਟਰ ਸੂਚੀ ਵਿੱਚੋਂ ਗਾਇਬ ਹੋ ਕੇ ਨਾਲ ਲੱਗਦੇ ਵਾਰਡ ਨੰ: 4 'ਚ ਚਲੀਆਂ ਗਈਆਂ ਹਨ। ਉਨ੍ਹਾਂ ਸ਼ੰਕਾ ਪ੍ਰਗਟਾਈ ਕਿ ਇਸ ਤਰ੍ਹਾਂ ਕਿਸੇ ਵਿਅਕਤੀ ਵੱਲੋਂ ਜਾਣਬੁੱਝ ਕੇ ਵੱਡੀ ਤਦਾਦ ਵਿੱਚ ਵੋਟਾਂ ਕੱਟਣ ਦੀ ਖੇਡ ਖੇਡੀ ਗਈ ਹੈ, ਕਿਉਂਕਿ ਜੇ ਕਿਸੇ ਵੀ ਵਿਅਕਤੀ ਨੇ ਆਪਣੀ ਇਕ ਵੋਟ ਕਟਵਾ ਕੇ ਕਿਸੇ ਹੋਰ ਵਾਰਡ ਵਿੱਚ ਬਣਵਾਉਣੀ ਹੋਵੇ ਤਾਂ ਉਸ ਨੂੰ ਅਨੇਕਾਂ ਦਸਤਾਵੇਜ਼ ਖਾਨਾਪੂਰਤੀਆਂ ਅਤੇ ਕਾਰਵਾਈਆਂ 'ਚੋਂ ਨਿਕਲਣਾ ਪੈਂਦਾ ਹੈ, ਪਰ ਉਨ੍ਹਾਂ ਦੇ ਵਾਰਡ ਵਿੱਚੋਂ ਵੱਡੀ ਪੱਧਰ ਤੇ 500 ਦੇ ਕਰੀਬ ਵੋਟ ਕੱਟ ਕੇ ਦੂਰ ਦੇ ਵਾਰਡ 'ਚ ਭੇਜ ਦਿੱਤੀ ਗਈ। ਇਸ ਤੇ ਕੋਈ ਵੀ ਕਿੰਤੂ ਜਾਂ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਇਸ ਸਮਝ ਤੋਂ ਬਾਹਰ ਹੈ ਕਿ ਇਸ ਤਰ੍ਹਾਂ ਵੱਡੀ ਤਦਾਦ 'ਚ ਕਿਵੇਂ ਤੇ ਕਿਉਂ ਕੱਟੀਆਂ ਗਈਆਂ। ਪਾਲੀ ਠੇਕੇਦਾਰ ਦਾ ਕਹਿਣਾ ਹੈ ਕਿ ਕੱਟੀਆਂ ਗਈਆਂ ਵੋਟਾਂ ਵਿੱਚ ਅਕਾਲੀ ਦਲ ਦੇ ਪ੍ਰਧਾਨ, ਅਹੁਦੇਦਾਰਾਂ ਅਤੇ ਹੋਰ ਮੋਹਤਬਰ ਵਿਅਕਤੀਆਂ ਦੀਆਂ ਵੋਟਾਂ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਨੇ ਐੱਸਡੀਐੱਮ ਮਾਨਸਾ ਨਾਲ ਵੋਟਰਾਂ ਨੂੰ ਨਾਲ ਲੈ ਕੇ ਤਾਲਮੇਲ ਕੀਤਾ ਤੇ ਸ਼ਿਕਾਇਤ ਕੀਤੀ ਕਿ ਇਸ ਮਾਮਲੇ ਦੀ ਪੜਤਾਲ ਕਰਕੇ ਵਾਰਡ ਅੰਦਰ ਲੰਮੇਂ ਸਮੇਂ ਤੋਂ ਰਹਿੰਦੇ ਲੋਕਾਂ ਦੀਆਂ ਵੋਟਾਂ ਵਾਪਿਸ ਵਾਰਡ ਅੰਦਰ ਹੀ ਰੱਖੀਆਂ ਜਾਣ। ਉਨ੍ਹਾਂ ਦੱਸਿਆ ਕਿ ਐੱਸਡੀਐੱਮ ਮਾਨਸਾ ਵੱਲੋਂ ਉਨ੍ਹਾਂ ਨੂੰ ਭਰੋਸਾ ਦਿਵਾਇਆ ਗਿਆ ਹੈ ਕਿ 26 ਜਨਵਰੀ ਉਪਰੰਤ ਸੁਧਾਈ ਕੀਤੀਆਂ ਨਵੀਆਂ ਵੋਟਰ ਸੂਚੀਆਂ ਉਪਲੱਬਧ ਹੋ ਜਾਣਗੀਆਂ। ਯਕੀਨੀ ਤੌਰ 'ਤੇ ਇਹ ਵੋਟਾਂ ਉਸ ਵਿੱਚ ਸ਼ਾਮਿਲ ਹੋਣਗੀਆਂ। ਪਾਲੀ ਨੇ ਕਿਹਾ ਕਿ ਜੇਕਰ ਇਸ ਤਰ੍ਹਾਂ ਨਾ ਹੋਇਆ ਤਾਂ ਉਹ ਇਹ ਵਾਰਡ ਦੀ ਚੋਣ ਨਾ ਕਰਵਾਉਣ ਅਤੇ ਇਸ ਸਬੰਧੀ ਉਚ ਅਧਿਕਾਰੀਆਂ ਨੂੰ ਮਿਲ ਕੇ ਕਾਨੂੰਨੀ ਲੜਾਈ ਵੀ ਲੜਨ ਤੋਂ ਪਿੱਛੇ ਨਹੀਂ ਹਟਣਗੇ।