ਸੁਰਿੰਦਰ ਲਾਲੀ, ਮਾਨਸਾ : ਐਤਵਾਰ ਦੀ ਦੇਰ ਸ਼ਾਮ ਸ਼ਹਿਰ ਦੇ ਬਾਰਾਂ ਹੱਟਾਂ ਚੌਂਕ 'ਚ ਸਥਿਤ ਸਪੋਰਟਸ ਕਿੰਗ ਦੇ ਸ਼ੋਅ ਰੂਮ 'ਚ ਅੱਗ ਲੱਗ ਗਈ। ਜਿਸ 'ਚ ਉਨਾਂ ਦਾ ਲੱਖਾ ਰੁਪਏ ਦਾ ਨੁਕਸਾਨ ਹੋ ਗਿਆ ਹੈ, ਪਰ ਇਸ ਵਿੱਚ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਮੌਕੇ 'ਤੇ ਥਾਣਾ ਸਿਟੀ-1 ਦੇ ਮੁਖੀ ਅਤੇ ਫਾਇਰ ਬਿ੍ਗੇਡ ਦੀ ਮੱਦਦ ਨਾਲ ਅੱਗ ਤੇ ਕਾਬੂ ਪਾਇਆ ਗਿਆ। ਜਾਣਕਾਰੀ ਅਨੁਸਾਰ ਅੱਗ ਲੱਗਣ ਦਾ ਕਾਰਨ ਬਿਜਲੀ ਦਾ ਸ਼ੋਰਟ ਸ਼ਰਕਟ ਦੱਸਿਆ ਜਾ ਰਿਹਾ ਹੈ। ਐਤਵਾਰ ਹੋਣ ਕਰਨ ਸ਼ੋਅ ਰੂਮ ਬੰਦ ਸੀ। ਇਸ ਭਿਆਨਕ ਅੱਗ 'ਤੇ ਕਾਫੀ ਮੁਸ਼ੱਕਤ ਬਾਅਦ ਕਾਬੂ ਪਾਇਆ ਗਿਆ। ਇਸ ਸੰਬਧੀ ਜਾਣਕਾਰੀ ਦਿੰਦਿਆਂ ਦੁਕਾਨ ਦੇ ਮਾਲਕ ਹੈਪੀ ਨੇ ਦੱਸਿਆ ਕਿ ਉਹ ਸ਼ਾਮੀ 6 ਕੁ ਵਜੇ ਦੇ ਕਰੀਬ ਦੁਕਾਨ ਦੇ ਕੋਲੋਂ ਦੀ ਲੰਘ ਰਹੇ ਸੀ, ਤਾਂ ਦੇਖਿਆ ਕਿ ਦੁਕਾਨ ਚੋਂ ਧੂੰਆਂ ਨਿਕਲ ਰਿਹਾ ਸੀ। ਉਨਾਂ ਇਸ ਦੀ ਸੂਚਨਾਂ ਤੁਰੰਤ ਚੌਂਕ ਵਿਖੇ ਡਿਊਟੀ ਤੇ ਤਾਇਨਾਤ ਕੱਝ ਪੁਲਿਸ ਮੁਲਾਜ਼ਮਾਂ ਨੂੰ ਦਿੱਤੀ। ਜਿਸ 'ਤੇ ਤੁਰੰਤ ਕਾਰਵਾਈ ਕਰਦਿਆਂ ਫਾਇਰ ਬਿ੍ਗੇਡ ਨੂੰ ਸੂਚਿਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਅੱਗ ਨਾਲ ਉਹਨਾਂ ਦਾ ਲੱਖਾਂ ਦਾ ਨੁਕਸਾਨ ਹੋ ਗਿਆ ਹੈ। ਜਿਸ 'ਚ ਉਨਾਂ ਦੇ ਰੈਡੀਮੇਡ ਕੱਪੜੇ, ਫਰਨੀਚਰ, ਸ਼ੀਸ਼ੇ ਆਦਿ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਐਤਵਾਰ ਹੋਣ ਕਰਨ ਦੁਕਾਨ ਬੰਦ ਸੀ, ਇਸ ਲਈ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਇਸ ਸੰਬੰਧੀ ਫਾਇਰ ਬਿ੍ਗੇਡ ਦੇ ਮਨਜੀਤ ਸਿੰਘ ਨੇ ਦੱਸਿਆ ਕਿ ਇਹ ਅੱਗ ਬਹੁਤ ਭਿਆਨਕ ਸੀ , ਜਿਸ ਤੇ ਫਾਇਰ ਬਿ੍ਗੇਡ ਦੀਆਂ ਕਈ ਗੱਡੀਆਂ ਨੇ ਬੜੀ ਮੁਸ਼ਕਿਲ ਨਾਲ ਕਾਬੂ ਪਾਇਆ ਹੈ।