ਜਗਤਾਰ ਸਿੰਘ ਧੰਜਲ, ਮਾਨਸਾ : ਦਲਿਤ ਨੌਜਵਾਨ ਦੀ ਮੌਤ ਦੇ ਮਾਮਲੇ ਵਿਚ ਪਿੰਡ ਫਫੜੇ ਭਾਈਕੇ ਵਿਚ ਜਾਣ ਸਮੇਂ ਐੱਸਸੀ ਕਮਿਸ਼ਨ ਦੇ ਚੇਅਰਮੈਨ ਵਿਜੇ ਸਾਂਪਲਾ ਨੂੰ ਕਿਸਾਨਾਂ ਨੇ ਪਿੰਡ ਵਿਚ ਨਾ ਵੜਣ ਦਿੱਤਾ ਅਤੇ ਉਨ੍ਹਾਂ ਦਾ ਡਟ ਕੇ ਵਿਰੋਧ ਕੀਤਾ। ਜਗ੍ਹਾ-ਜਗ੍ਹਾ ਪੁਲਿਸ ਤਾਇਨਾਤ ਕਰ ਦਿੱਤੀ ਗਈ ਸੀ।

ਸਾਂਪਲਾ ਕੋਸ਼ਿਸ਼ ਕਰਦੇ ਰਹੇ ਕਿ ਕਿਸਾਨਾਂ ਨੂੰ ਝਕਾਨੀ ਦੇ ਕੇ ਪਿੰਡ ਫਫੜੇ ਵਿਖੇ ਪੁੱਜਿਆ ਜਾਵੇ ਪਰ ਉਹ ਮਾਨਸਾ ਸ਼ਹਿਰ ਤੇ ਪਿੰਡ ਤਕ ਨਾ ਪੁੱਜ ਸਕੇ। ਦੇਰ ਸ਼ਾਮ ਤਕ ਕਿਸਾਨ ਮੋਰਚਿਆਂ 'ਤੇ ਡਟੇ ਰਹੇ ਅਤੇ ਸਾਂਪਲਾ ਸ਼ਹਿਰ ਤੋਂ ਦੂਰ ਪੁਲਿਸ ਦੀ ਸੁਰੱਖਿਆ ਵਿਚ ਕਿਸੇ ਥਾਂ 'ਤੇ ਬੈਠੇ ਰਹੇ, ਜਿੱਥੇ ਉਨ੍ਹਾਂ ਨੇ ਫਫੜੇ ਭਾਈਕੇ ਦੇ ਪੀੜਤ ਪਰਿਵਾਰ ਨੂੰ ਬੁਲਾ ਕੇ ਦੁੱਖ ਸਾਂਝਾ ਕੀਤਾ ਤੇ ਉਥੋਂ ਵਾਪਸ ਮੁੜ ਗਏ। ਇਸ ਦੌਰਾਨ ਰੈਸਟ ਹਾਊਸ ਤੇ ਪਿੰਡ ਫਫੜੇ ਭਾਈਕੇ ਪਿੰਡ ਛਾਉਣੀ ਵਿਚ ਤਬਦੀਲ ਹੋ ਚੁੱਕਿਆ ਸੀ।

ਦਰਅਸਲ, ਮਾਮਲਾ ਇਹ ਹੈ ਕਿ ਪਿਛਲੇ ਦਿਨੀਂ ਪਿੰਡ ਫਫੜੇ ਭਾਈਕੇ ਦੇ ਦਲਿਤ ਨੌਜਵਾਨ ਦੀ ਮੌਤ ਹੋ ਗਈ ਸੀ ਤੇ ਪੁਲਿਸ 'ਤੇ ਕੁੱਟਮਾਰ ਦੇ ਦੋਸ਼ ਲੱਗੇ ਸਨ। ਇਸ ਪਿੱਛੋਂ ਐੱਸਸੀ ਕਮਿਸ਼ਨ ਦੇ ਚੇਅਰਮੈਨ ਵਿਜੇ ਸਾਂਪਲਾ ਨੇ ਸ਼ੁੱਕਰਵਾਰ ਨੂੰ ਪਿੰਡ ਫਫੜੇ ਜਾਣ ਅਤੇ ਇਸ ਤੋਂ ਪਹਿਲਾਂ ਮਾਨਸਾ ਰੈਸਟ ਹਾਊਸ ਵਿਚ ਪੁੱਜਣ ਦਾ ਪ੍ਰੋਗਰਾਮ ਉਲੀਕਿਆ ਸੀ ਪਰ ਉਨ੍ਹਾਂ ਦੀ ਆਮਦ ਦੀ ਭਿਣਕ ਪੈਂਦਿਆਂ ਹੀ ਕਿਸਾਨਾਂ ਨੇ ਰੈਸਟ ਹਾਊਸ ਅਤੇ ਪਿੰਡ ਫਫੜੇ ਭਾਈਕੇ ਪੂਰੀ ਤਰ੍ਹਾਂ ਘੇਰ ਲਿਆ।

ਕਿਸਾਨਾਂ ਦੇ ਵਿਰੋਧ ਨੂੰ ਲੈ ਕੇ ਪਿੰਡ ਫਫੜੇ ਭਾਈਕੇ ਪੁਲਿਸ ਛਾਉਣੀ ਵਿਚ ਤਬਦੀਲ ਹੋ ਗਿਆ ਪਰ ਦੁਪਹਿਰ ਦੇ ਢਾਈ ਵਜੇ ਤਕ ਸਾਂਪਲਾ ਪੁਲਿਸ ਲਾਈਨਜ਼ ਵਿਚ ਸੁਰੱਖਿਆ ਹੇਠ ਬੈਠੇ ਰਹੇ। ਓਧਰ, ਕਿਸਾਨਾਂ ਨੇ ਐਲਾਨ ਕੀਤਾ ਸੀ ਕਿ ਉਹ ਸਾਂਪਲਾ ਨੂੰ ਪਿੰਡ ਵਿਚ ਨਹੀਂ ਵੜਣ ਦੇਣਗੇ।

ਇਸ ਬਾਰੇ ਪਿੰਡ ਫਫੜੇ ਭਾਈਕੇ ਦੇ ਸਰਪੰਚ ਇਕਬਾਲ ਸਿੰਘ ਫਫੜੇ, ਮੇਜਰ ਸਿੰਘ, ਭਾਕਿਯੂ (ਏਕਤਾ ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਕਿਹਾ ਕਿ ਉਨ੍ਹਾਂ ਦੀਆਂ ਟੀਮਾਂ ਨੇ ਕਾਫਲੇ ਬਣਾਏ ਹੋਏ ਹਨ, ਪਿੰਡ ਤੇ ਸ਼ਹਿਰ ਅੰਦਰ ਧਰਨੇ ਲਾਏ ਹੋਏ ਹਨ ਜੇ ਸਾਂਪਲਾ ਨੇ ਆਉਣਾ ਚਾਹਿਆ ਤਾਂ ਵਾਪਸ ਮੋੜਿਆ ਜਾਵੇਗਾ।

ਦੁਪਹਿਰ ਤਕ ਕਿਸਾਨ ਧਰਨਿਆਂ 'ਤੇ ਡਟੇ ਹੋਏ ਸਨ। ਇਸ ਬਾਰੇ ਭਾਜਪਾ ਜ਼ਿਲ੍ਹਾ ਮਾਨਸਾ ਦੇ ਪ੍ਰਧਾਨ ਮੱਖਣ ਲਾਲ ਨੇ ਕਿਹਾ ਸਾਬਕਾ ਕਿ ਸਾਂਪਲਾ, ਇਕ ਨੌਜਵਾਨ ਦੀ ਮੌਤ ਦੇ ਮਾਮਲੇ ਵਿਚ ਪਿੰਡ ਫਫੜੇ ਭਾਈਕੇ ਜਾਣਾ ਚਾਹੁੰਦੇ ਹਨ ਤੇ ਉਨ੍ਹਾਂ ਦਾ ਉਲੀਕਿਆ ਪ੍ਰੋਗਰਾਮ ਬਿਲਕੁਲ ਪੱਕਾ ਹੈ ਤੇ ਉਹ ਆਪਣਾ ਪ੍ਰੋਗਰਾਮ ਮੁਕੰਮਲ ਕਰ ਕੇ ਪਰਤਣਗੇ।