-ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾਂ ਦੀ ਸਹਾਇਤਾ ਰਾਸ਼ੀ ਤੋਂ ਵਾਂਝੇ ਹੋਏ ਹਜ਼ਾਰਾਂ ਕਿਸਾਨ

ਚਤਰ ਸਿੰਘ, ਬੁਢਲਾਡਾ : ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕਿਸਾਨਾਂ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਲਈ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾਂ ਸ਼ੁਰੂ ਕੀਤੀ ਗਈ ਸੀ। ਜਿਸ ਤਹਿਤ ਸਰਕਾਰ ਨੇ ਹਰ ਚਾਰ ਮਹੀਨਿਆਂ ਬਾਅਦ ਕਿਸਾਨ ਦੇ ਖਾਤੇ 'ਚ 2 ਹਜ਼ਾਰ ਰੁਪਏ ਪਾਉਣੇ ਤੈਅ ਕੀਤੇ ਹੋਏ ਹਨ, ਪਰ ਕੁਝ ਸਮਾਂ ਪਹਿਲਾਂ ਸਰਕਾਰ ਵੱਲੋਂ ਕੀਤੇ ਬੈਂਕਾਂ ਦੇ ਰਲੇਵੇਂ ਕਾਰਨ ਉਨ੍ਹਾਂ ਬੈਂਕਾਂ ਦੇ ਆਈਐੱਫਐੱਸਸੀ ਕੋਡ ਬਦਲ ਗਏ ਹਨ। ਜਿਸ ਕਾਰਨ ਇਸ ਯੋਜਨਾ ਅਧੀਨ ਮਿਲਣ ਵਾਲੀ ਸਹਾਇਤਾ ਰਾਸ਼ੀ ਉਨ੍ਹਾਂ ਦੇ ਖਾਤਿਆਂ 'ਚ ਨਹੀਂ ਆ ਰਹੀ। ਪਿੰਡ ਫੁਲੂਵਾਲਾ ਦੇ ਸਾਬਕਾ ਸਰਪੰਚ ਨਾਇਬ ਸਿੰਘ ਸਿੱਧੂ, ਬਿੱਕਰ ਸਿੰਘ, ਸੂਬੇਦਾਰ ਬਲਦੇਵ ਸਿੰਘ ਆਦਿ ਅਨੇਕਾਂ ਆਗੂਆਂ ਨੇ ਦੱਸਿਆ ਕਿ ਜਨਵਰੀ 2019 'ਚ ਸਤਲੁਜ ਗ੍ਰਾਮੀਣ ਬੈਂਕ ਦਾ ਨਾਂ ਬਦਲ ਕੇ ਪੰਜਾਬ ਗ੍ਰਾਮੀਣ ਬੈਂਕ ਕਰ ਦਿੱਤਾ ਗਿਆ ਤੇ ਇਸ ਨਾਂ ਦੇ ਬਦਲਣ ਨਾਲ ਹੀ ਬੈਂਕ ਦਾ ਆਈਐੱਫਐੱਸਸੀ ਕੋਡ ਵੀ ਬਦਲ ਗਿਆ, ਜਿਨ੍ਹਾਂ ਕਿਸਾਨਾਂ ਵੱਲੋਂ ਇਸ ਤਬਦੀਲੀ ਤੋਂ ਪਹਿਲਾਂ ਸਕੀਮ ਦੀ ਸ਼ੁਰੂਆਤ ਮੌਕੇ ਜੋ ਆਈਐੱਫਐੱਸਸੀ ਕੋਡ ਭਰਿਆ ਗਿਆ ਸੀ, ਹੁਣ ਉਨ੍ਹਾਂ ਕਿਸਾਨਾਂ ਦੇ ਖਾਤੇ ਇਸ ਸਕੀਮ ਦੇ ਪੋਰਟਲ ਵੱਲੋਂ ਨਾ ਚੁੱਕਣ ਕਾਰਨ ਇਸ ਬੈਂਕ ਦੇ ਹਜ਼ਾਰਾਂ ਕਿਸਾਨਾਂ ਨੂੰ ਇਸ ਸਕੀਮ ਦਾ ਲਾਭ ਨਹੀਂ ਮਿਲ ਰਿਹਾ। ਇਸ ਸਬੰਧੀ ਪੰਜਾਬ ਗ੍ਰਾਮੀਣ ਬੈਂਕ ਦੇ ਉਚ ਅਧਿਕਾਰੀ ਨਾਲ ਸੰਪਰਕ ਕਰਨ ਤੇ ਉਨ੍ਹਾਂ ਕਿਹਾ ਕਿ ਐੱਫਐੱਸਸੀ ਕੋਡ ਬਦਲਣ ਕਰਕੇ ਕਿਸਾਨਾਂ ਦੀ ਇਸ ਮੁਸ਼ਕਲ ਸਬੰਧੀ ਉਨ੍ਹਾਂ ਵੱਲੋਂ ਭਾਰਤ ਸਰਕਾਰ ਦੇ ਸਬੰਧਤ ਮਹਿਕਮਿਆਂ ਨੂੰ ਜਾਣੂ ਕਰਵਾਇਆਂ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਇਸ ਮੁਸ਼ਕਲ ਦਾ ਹੱਲ ਹੁੰਦਿਆਂ ਹੀ ਕਿਸਾਨਾਂ ਨੂੰ ਉਨ੍ਹਾਂ ਦੀ ਪੂਰੀ ਬਕਾਇਆ ਰਕਮ ਉਨ੍ਹਾਂ ਦੇ ਖਾਤਿਆ 'ਚ ਆ ਜਾਵੇਗੀ।