ਪੱਤਰ ਪ੍ਰਰੇਰਕ, ਮਾਨਸਾ : ਪਿੰਡ ਖਿਆਲਾ ਕਲਾਂ, ਖਿਆਲਾ ਖੁਰਦ ਤੇ ਮਲਕਪੁਰ ਖਿਆਲਾ ਦੇ ਕਿਸਾਨਾਂ ਵੱਲੋਂ ਖੇਤੀ ਮੋਟਰਾਂ ਨੂੰ ਰਾਤ ਨੂੰ ਦਿੱਤੀ ਜਾ ਰਹੀ ਸਪਲਾਈ ਦੇ ਵਿਰੋਧ ਵਿਚ ਬੀਕੇਯੂ ਡਕੌਂਦਾ ਦੀ ਅਗਵਾਈ ਹੇਠ ਬਿਜਲੀ ਗਰਿੱਡ ਦਾ ਅੱਜ ਿਘਰਾਓ ਕਰਨ ਦਾ ਐਲਾਨ ਕੀਤਾ ਗਿਆ। ਲੋਕਾਂ ਨੇ ਕਿਹਾ ਕਿ ਬਿਜਲੀ ਬੋਰਡ ਦੇ ਵੱਲੋਂ ਖੇਤੀ ਸੈਕਟਰ ਨੂੰ ਜਾਣ ਬੁੱਝ ਕੇ ਰਾਤ ਨੂੰ ਸਪਲਾਈ ਦਿੱਤੀ ਜਾ ਰਹੀ ਹੈ ਅਤੇ ਦੂਸਰੇ ਪਾਸੇ ਕਰੋੜਪਤੀ ਕਾਰਖਾਨਿਆਂ ਨੂੰ ਦਿਨ ਵੇਲੇ ਬਿਜਲੀ ਦਿੱਤੀ ਜਾ ਰਹੀ ਹੈ। ਕਿਸਾਨਾਂ ਦੇ ਨਾਲ ਮਤਰੇਈ ਵਾਲਾ ਸਲੂਕ ਕੀਤਾ ਜਾ ਰਿਹਾ ਹੈ। ਪਿੰਡ ਆਗੂ ਵਰਿਆਮ ਸਿੰਘ ਨੇ ਕਿਹਾ ਕਿ ਇਸ ਧੱਕੇਸ਼ਾਹੀ ਦੇ ਵਿਰੋਧ ਵਿਚ ਬੀਕੇਯੂ ਡਕੌਂਦਾ ਕਿਸਾਨਾਂ ਦੇ ਨਾਲ ਖੜੀ ਹੈ। ਇਕਾਈ ਪ੍ਰਧਾਨ ਰੂਪ ਸਿੰਘ ਨੇ ਕਿਹਾ ਕਿ ਸਰਕਾਰੀ ਅਧਿਕਾਰੀਆਂ ਦੇ ਧਿਆਨ ਵਿਚ ਵਾਰ-ਵਾਰ ਲਿਆਂਦਾ ਗਿਆ ਹੈ, ਪਰ ਉਨ੍ਹਾਂ ਵੱਲੋਂ ਕੋਈ ਧਿਆਨ ਨਹੀ ਦਿੱਤਾ ਗਿਆ। ਬਲਾਕ ਆਗੂ ਮੱਖਣ ਭੈਣੀ ਬਾਘਾ ਨੇ ਕਿਹਾ ਕਿ ਕਿਸਾਨਾਂ ਵੱਲੋਂ ਵੱਡੇ ਪੱਧਰ 'ਤੇ ਸਬਜ਼ੀਆਂ ਦੀ ਕਾਸ਼ਤ ਕੀਤੀ ਜਾਂਦੀ ਹੈ। ਜਿਸ ਨੂੰ ਰਾਤ ਸਮੇਂ ਪਾਣੀ ਲਾਉਂਣਾ ਮੁਸ਼ਕਲ ਹੈ। ਉਨ੍ਹਾਂ ਨੇ ਮੰਗ ਕੀਤੀ ਕਿ ਕਿਸਾਨਾਂ ਨੂੰ ਖੇਤੀ ਮੋਟਰਾਂ ਚਲਾਉਣ ਸਮੇਂ ਬਿਜਲੀ ਸਪਲਾਈ ਕੇਵਲ ਦਿਨ ਸਮੇਂ ਸਪਲਾਈ ਦਿੱਤੀ ਜਾਵੇ। ਇਸ ਵਿੱਚ ਕਿਸਾਨਾਂ ਨੂੰ ਵੱਧ ਤੋਂ ਵੱਧ ਪਹੁੰਚਣ ਦੀ ਅਪੀਲ ਕੀਤੀ ਗਈ। ਇਸ ਸਮੇਂ ਕੁਲਦੀਪ ਸਿੰਘ, ਬਿੰਦਰ ਸਿੰਘ, ਸੀਰਾ ਸਿੰਘ, ਜੀਤ ਸਿੰਘ, ਬੀਰਬਲ ਸਿੰਘ ਅਤੇ ਰੂਪ ਰਾਮ ਹਾਜ਼ਰ ਸਨ।