ਸੁਖਜਿੰਦਰ ਰੋਮਾਣਾ, ਸੰਗਤ ਮੰਡੀ : ਲੋਕ ਜਨ ਸ਼ਕਤੀ ਪਾਰਟੀ ਦੇ ਪੰਜਾਬ ਪ੍ਰਧਾਨ ਕਿਰਨਜੀਤ ਸਿੰਘ ਗਹਿਰੀ ਦਾ ਪਿੰਡ ਗਹਿਰੀ ਦੇਵੀ ਨਗਰ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਿਘਰਾਓ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬੀਕੇਯੂ ਸਿੱਧੂਪੁਰ ਦੇ ਬਲਾਕ ਸੀਨੀਅਰ ਮੀਤ ਪ੍ਰਧਾਨ ਜਸਵੀਰ ਸਿੰਘ ਨੇ ਦੱਸਿਆ ਕਿ ਲੋਕ ਜਨਸ਼ਕਤੀ ਪਾਰਟੀ ਦੇ ਸੂਬਾ ਪ੍ਰਧਾਨ ਕਿਰਨਜੀਤ ਸਿੰਘ ਗਹਿਰੀ ਪਿੰਡ ਵਿਖੇ ਪਹੁੰਚ ਕੇ ਇਕ ਧਾਰਮਿਕ ਡੇਰੇ 'ਤੇ ਆਪਣੀ ਪਾਰਟੀ ਦਾ ਪ੍ਰਚਾਰ ਕਰ ਰਹੇ ਸਨ, ਜਿਸ ਬਾਰੇ ਪਤਾ ਲੱਗਣ 'ਤੇ ਕਿਸਾਨ ਯੂਨੀਅਨ ਨੇ ਆਪਣੇ ਨੇੜੇ ਦੇ ਗੁਆਂਢੀ ਪਿੰਡਾਂ 'ਚ ਸੂਚਨਾ ਦੇ ਦਿੱਤੀ, ਜਿਸ ਤੋਂ ਬਾਅਦ ਨੇੜਲੇ ਪਿੰਡ ਜੱਸੀ ਪੌ ਵਾਲੀ, ਜੋਧਪੁਰ ਰੋਮਾਣਾ, ਕੋਟਸ਼ਮੀਰ ਆਦਿ ਤੋਂ ਵੱਡੀ ਗਿਣਤੀ 'ਚ ਕਿਸਾਨ ਗਹਿਰੀ ਦੇਵੀ ਨਗਰ ਵਿਖੇ ਪਹੁੰਚੇ ਤੇ ਉਨ੍ਹਾਂ ਨੇ ਕਿਰਨਜੀਤ ਸਿੰਘ ਗਹਿਰੀ ਦਾ ਿਘਰਾਓ ਕੀਤਾ ਤੇ ਉਨ੍ਹਾਂ ਦੇ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਕਿਸਾਨ ਆਗੂਆਂ ਨੇ ਇਲਜ਼ਾਮ ਲਾਇਆ ਕਿ ਕਿਰਨਜੀਤ ਗਹਿਰੀ ਦੀ ਪਾਰਟੀ ਕੇਂਦਰ ਦੀ ਬੀਜੇਪੀ ਸਰਕਾਰ ਦੀ ਭਾਈਵਾਲ ਹੈ ਤੇ ਬੀਜੇਪੀ ਦੇ ਇਸ਼ਾਰਿਆਂ 'ਤੇ ਪੰਜਾਬ 'ਚ ਦਲਿਤਾਂ ਤੇ ਕਿਸਾਨਾਂ ਦੇ ਵਿਚ ਪਾੜਾ ਪਾਉਣ ਦਾ ਯਤਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪਿੰਡ 'ਚ ਪਹਿਲਾਂ ਤੋਂ ਹੀ ਸਾਰੀਆਂ ਸਿਆਸੀ ਪਾਰਟੀਆਂ ਦਾ ਬਾਈਕਾਟ ਕੀਤਾ ਹੋਇਆ ਹੈ। ਕਿਰਨਜੀਤ ਗਹਿਰੀ ਵੱਲੋਂ ਿਘਰਾਓ ਤੋਂ ਬਾਅਦ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਗਿਆ, ਜਿਸ ਤੋਂ ਬਾਅਦ ਬਠਿੰਡਾ ਤੋਂ ਪਹੁੰਚੀ ਵੱਡੀ ਗਿਣਤੀ 'ਚ ਪੁਲਿਸ ਫੋਰਸ ਨੇ ਉਨਾਂ੍ਹ ਨੂੰ ਕਿਸਾਨਾਂ ਦੇ ਿਘਰਾਓ ਤੋਂ ਆਜ਼ਾਦ ਕਰਵਾ ਕੇ ਸੁਰੱਖਿਅਤ ਬਠਿੰਡਾ ਲਈ ਰਵਾਨਾ ਕੀਤਾ ਗਿਆ। ਇਸ ਮੌਕੇ ਬੀਕੇਯੂ ਸਿੱਧੂਪੁਰ ਦੇ ਇਕਾਈ ਪ੍ਰਧਾਨ ਜਗਸੀਰ ਸਿੰਘ ਜੱਗਾ, ਸੁਖਜੀਤ ਸਿੰਘ ਜੱਸੀ ਪੌ ਵਾਲੀ, ਗੁਰਵਿੰਦਰ ਸਿੰਘ ਜੋਧਪੁਰ ਰੋਮਾਣਾ, ਸੁਖਵੰਤ ਸਿੰਘ ਜੋਧਪੁਰ ਰੋਮਾਣਾ, ਗੁਰਪ੍ਰਰੀਤ ਸਿੰਘ ਜੱਸੀ, ਗੁਰਦੀਪ ਸਿੰਘ ਪ੍ਰਧਾਨ ਗਹਿਰੀ ਦੇਵੀ ਨਗਰ ਆਦਿ ਹਾਜ਼ਰ ਸਨ।

ਕੀ ਕਿਹਾ ਕਿਰਨਜੀਤ ਗਹਿਰੀ ਨੇ :

ਜਦੋਂ ਇਸ ਸਬੰਧੀ ਲੋਕ ਜਨ ਸ਼ਕਤੀ ਪਾਰਟੀ ਦੇ ਪੰਜਾਬ ਪ੍ਰਧਾਨ ਕਿਰਨਜੀਤ ਸਿੰਘ ਗਹਿਰੀ ਦਾ ਪੱਖ ਜਾਨਣਾ ਚਾਹਿਆ ਤਾਂ ਉਨ੍ਹਾਂ ਕਿਹਾ ਕਿ ਉਹ ਪਿੰਡ ਦੇ ਨਰੇਗਾ ਮਜ਼ਦੂਰਾਂ ਦੀਆਂ ਮੁਸ਼ਕਲਾਂ ਸੁਣਨ ਲਈ ਪਹੁੰਚੇ ਸਨ ਅਤੇ ਕੁਝ ਸ਼ਰਾਰਤੀ ਅਨਸਰਾਂ ਨੇ ਉਨ੍ਹਾਂ ਦਾ ਵਿਰੋਧ ਸ਼ੁਰੂ ਕਰ ਦਿੱਤਾ ਤੇ ਇਹ ਸਭ ਪੰਜਾਬ ਸਰਕਾਰ ਦੀ ਸ਼ਹਿ 'ਤੇ ਹੋ ਰਿਹਾ ਹੈ। ਕਿਰਨਜੀਤ ਗਹਿਰੀ ਨੇ ਕਿਹਾ ਕਿ ਉਨ੍ਹਾਂ ਨੇ ਿਘਰਾਓ ਕਰਨ ਵਾਲੇ ਲੋਕਾਂ ਦੀ ਸ਼ਿਕਾਇਤ ਐੱਸਐੱਸਪੀ ਬਠਿੰਡਾ ਨੂੰ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸਾਡੀ ਪਾਰਟੀ ਹਮੇਸ਼ਾ ਤੋਂ ਕਿਸਾਨਾਂ ਦੇ ਪੱਖ ਵਿਚ ਹੈ ਤੇ ਸਾਡੀ ਪਾਰਟੀ ਦਾ ਕਿਸਾਨ ਸੈੱਲ ਵੀ ਬਣਿਆ ਹੋਇਆ ਹੈ। ਉਨਾਂ੍ਹ ਕਿਹਾ ਕਿ ਪਾਰਟੀ ਦੇ ਸੁਪਰੀਮੋ ਚਿਰਾਗ ਪਾਸਵਾਨ ਵੱਲੋਂ ਪਿੱਛੇ ਜਿਹੇ ਕੇਂਦਰੀ ਖੇਤੀਬਾੜੀ ਮੰਤਰੀ ਨਾਲ ਮੁਲਾਕਾਤ ਕਰਕੇ ਕਿਸਾਨਾਂ ਦੇ ਹੱਕ ਵਿਚ ਕਾਨੂੰਨ ਵਾਪਸ ਲੈਣ ਦੀ ਬੇਨਤੀ ਵੀ ਕੀਤੀ ਗਈ ਹੈ। ਉਨਾਂ੍ਹ ਕਿਸਾਨ ਧਿਰਾਂ 'ਤੇ ਵਿਅੰਗ ਕਸਦਿਆਂ ਕਿਹਾ ਕਿ ਇਕ ਪਾਸੇ ਤਾਂ ਕਿਸਾਨ ਆਗੂ ਕੈਪਟਨ ਅਮਰਿੰਦਰ ਸਿੰਘ ਨਾਲ ਮੀਟਿੰਗਾਂ ਕਰਕੇ ਲੱਡੂ ਖੁਆ ਰਹੇ ਹਨ ਅਤੇ ਦੂਜੇ ਪਾਸੇ ਕਾਂਗਰਸ ਤੋਂ ਬਿਨਾਂ ਦੂਜੀਆਂ ਸਿਆਸੀ ਪਾਰਟੀਆਂ ਦਾ ਵਿਰੋਧ ਕੀਤਾ ਜਾ ਰਿਹਾ ਹੈ।