-ਪੁਲਿਸ ਨੇ ਜਬਤ ਕੀਤੇ ਟਰੈਕਟਰ ਦਿੱਤੇ ਕਿਸਾਨਾਂ ਨੂੰ ਵਾਪਸ

ਸਟਾਫ ਰਿਪੋਰਟਰ, ਮਾਨਸਾ : ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਅਗਵਾਈ ਹੇਠ ਜ਼ਿਲ੍ਹੇ ਭਰ ਦੇ ਸੈਂਕੜੇ ਕਿਸਾਨਾਂ ਵੱਲੋਂ ਪਿੰਡ ਖਿਆਲਾ ਤੋਂ ਇਕੱਠੇ ਹੋ ਕੇ ਮਾਨਸਾ ਸ਼ਹਿਰ ਵੱਲ ਭਾਰੀ ਰੋਸ ਮੁਜ਼ਾਹਰਾ ਕੀਤਾ ਤੇ ਮੰਗ ਕੀਤੀ ਗਈ ਬੀਤੇ ਦਿਨੀਂ ਪਿੰਡ ਖਿਆਲਾ ਦੇ ਪਰਾਲੀ ਫੂਕਣ ਦੇ ਮਾਮਲੇ 'ਚ ਥਾਣੇ ਬੰਦ ਕੀਤੇ ਟਰੈਕਟਰ ਤੇ ਹੋਰ ਸਾਧਨ ਬਿਨਾਂ ਸ਼ਰਤ ਤੁਰੰਤ ਦਿੱਤੇ ਜਾਣ ਤੇ ਕਿਸਾਨਾਂ ਤੇ ਪਾਏ ਮੁਕੱਦਮੇ ਖਾਰਜ ਕੀਤੇ ਜਾਣ। ਕਿਸਾਨ ਆਗੂਆਂ ਨੇ ਦੱਸਿਆ ਕਿ ਬੀਤੇ ਮੰਗਲਵਾਰ ਨੂੰ ਪਿੰਡ ਖਿਆਲਾ ਕਲਾਂ ਦੇ ਪਰਾਲੀ ਫੂਕਣ ਦੇ ਦੋਸ਼ 'ਚ 14 ਕਿਸਾਨਾਂ ਨੂੰ ਫੜ ਕੇ ਮਾਨਸਾ ਥਾਣੇ 'ਚ ਬੰਦ ਕੀਤਾ ਗਿਆ ਸੀ ਤੇ ਉਨ੍ਹਾਂ ਦੇ ਪਿੱਛੇ ਗਏ ਕਿਸਾਨ ਆਗੂਆਂ ਨੂੰ ਵੀ ਨਾਜਾਇਜ਼ ਹਿਰਾਸਤ 'ਚ ਲਿਆ ਗਿਆ ਸੀ, ਜਿਨ੍ਹਾਂ ਨੂੰ ਦੇਰ ਰਾਤ 35 ਕਿਸਾਨਾਂ ਨੂੰ ਤਾਂ ਛੱਡ ਗਿਆ, ਪਰ ਟਰੈਕਟਰ ਤੇ ਜੀਪ ਥਾਣੇ 'ਚ ਬੰਦ ਕੀਤਾ ਹੋਇਆ ਹੈ। ਜਿਨ੍ਹਾਂ ਨੂੰ ਲੈ ਕੇ ਬੁੱਧਵਾਰ ਨੂੰ ਪ੍ਰਦਰਸ਼ਨ ਕੀਤਾ ਗਿਆ। ਕਿਸਾਨਾਂ ਦੇ ਕਾਫਲੇ ਨੂੰ ਸ਼ਹਿਰ ਦੇ ਬਾਹਰ ਭਾਰੀ ਪੁਲਿਸ ਤਾਇਨਾਤ ਕਰਕੇ ਮਾਨਸਾ ਖਿਆਲਾ ਰੋਡ 'ਤੇ ਰੋਕ ਲਿਆ ਗਿਆ। ਜਿਸ ਤੋਂ ਬਾਅਦ ਕਿਸਾਨਾਂ ਉਥੇ ਹੀ ਸੜਕ 'ਤੇ ਧਰਨਾ ਲਾ ਦਿੱਤਾ, ਜਿਸ ਉਪਰੰਤ ਪੁਲਿਸ ਪ੍ਰਸ਼ਾਸਨ ਵੱਲੋਂ ਬਿਨਾਂ ਸ਼ਰਤ ਕਿਸਾਨਾਂ ਦੇ ਜਬਤ ਕੀਤੇ ਸਾਧਨ ਛੱਡਣ ਦਾ ਐਲਾਨ ਕੀਤਾ। ਜੋ ਕਿਸਾਨਾਂ ਦੇ ਇਕੱਠ 'ਚ ਲਿਆਂਦੇ ਗਏ। ਜਿਸ ਤੋਂ ਬਾਅਦ ਜਥੇਬੰਦੀ ਵੱਲੋਂ ਧਰਨਾ ਸਮਾਪਤ ਕੀਤਾ ਗਿਆ। ਕਿਸਾਨ ਆਗੂਆਂ ਨੇ ਕਿਹਾ ਕਿ ਜੇਕਰ ਪੁਲਿਸ ਪ੍ਰਸ਼ਾਸਨ ਨੇ ਕਿਸਾਨਾਂ ਨਾਲ ਵਧੀਕੀ ਕੀਤੀ ਤਾਂ ਸਬੰਧਿਤ ਥਾਣਿਆ ਦੇ ਿਘਰਾਓ ਜਾਰੀ ਰਹਿਣਗੇ। ਇਸ ਮੌਕੇ ਸੂਬਾ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ, ਸੂਬਾ ਕਮੇਟੀ ਮੈਂਬਰ ਕਲਵੰਤ ਸਿੰਘ ਕਿਸ਼ਨਗੜ੍ਹ, ਜ਼ਿਲ੍ਹਾ ਜਨਰਲ ਸਕੱਤਰ ਮਹਿੰਦਰ ਸਿੰਘ ਭੈਣੀਬਾਘਾ, ਇਕਬਾਲ ਸਿੰਘ ਮਾਨਸਾ, ਦੇਵੀ ਰਾਮ ਰੰਘੜਿਆਲ, ਬਲਾਕ ਪ੍ਰਧਾਨ ਬਲਵਿੰਦਰ ਖਿਆਲਾ, ਹਰਦੇਵ ਸਿੰਘ ਰਾਠੀ, ਮੱਖਣ ਸਿੰਘ ਭੈਣੀ ਬਾਘਾ, ਭੀਖੀ ਬਲਾਕ ਪ੍ਰਧਾਨ ਰਾਜ ਅਕਲੀਆਂ, ਬਲਵਿੰਦਰ ਸਿੰਘ ਅਲੀਸ਼ੇਰ, ਬੁਢਾਲਡਾ ਬਲਾਕ ਪ੍ਰਧਾਨ ਸੱਤਪਾਲ ਸਿੰਘ ਵਰੇ੍ਹ, ਲਛਮਣ ਸਿੰਘ ਚੱਕ ਅਲੀਸੇਰ, ਰਾਮਫਲ ਬਹਾਦਰ ਪੁਰ, ਬਲਾਕ ਵਿੱਤ ਸਕੱਤਰ ਦਰਸ਼ਨ ਸਿੰਘ ਗੁਰਨੇ ਕਲਾਂ ਤੇ ਝਨੀਰ ਬਲਾਕ ਦੇ ਆਗੂ ਪੰਜਾਬ ਸਿੰਘ ਬਹਿਣੀਵਾਲ ਆਦਿ ਕਿਸਾਨਾਂ ਨੇ ਸੰਬੋਧਨ ਕੀਤਾ।