ਗੁਰਵਿੰਦਰ ਚਹਿਲ, ਹੀਰੋਂ ਖੁਰਦ : ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਅਗਵਾਈ ਹੇਠ ਪਿੰਡ ਹੀਰੋਂ ਖੁਰਦ ਅਤੇ ਖੀਵਾ ਮੀਹਾਂ ਸਿੰਘ ਵਾਲਾ ਦੀ ਸਾਂਝੀ ਅਨਾਜ ਮੰਡੀ ਵਿੱਚ ਖਰੀਦ ਏਜੰਸੀ ਐਫਸੀਆਈ ਵੱਲੋਂ ਖਰੀਦ ਕੀਤੇ ਜਾਣ ਦੇ ਖ਼ਿਲਾਫ਼ ਆੜ੍ਹਤੀ ਅਤੇ ਕਿਸਾਨਾਂ ਵੱਲੋਂ ਪਿਛਲੇ 5 ਦਿਨਾਂ ਤੋਂ ਬਾਈਕਾਟ ਕੀਤਾ ਹੋਇਆ ਹੈ। ਖਰੀਦ ਪ੍ਰਬੰਧ ਬਿਹਤਰ ਨਾ ਹੋਣ ਕਾਰਨ ਭਾਕਿਯੂ ਏਕਤਾ (ਉਗਰਾਹਾਂ) ਦੇ ਆਗੂ ਸ਼ੀਰਾ ਸਿੰਘ ਦੋਦੜਾ, ਅਜੈਬ ਸਿੰਘ ਬੱਛੋਆਣਾ, ਆੜ੍ਹਤੀ ਆਗੂ ਵੇਦ ਪ੍ਰਕਾਸ਼ ਹੋਡਲਾ,ਗਗਨ ਗੋਇਲ ਦੀ ਅਗਵਾਈ ਹੇਠ ਸੁਨਾਮ-ਬੁਢਲਾਡਾ ਮੁੱਖ ਮਾਰਗ 'ਤੇ ਦੋਦੜਾ ਅਤੇ ਬੱਛੋਆਣਾ ਦਰਮਿਆਨ ਧਰਨਾ ਲਾ ਕੇ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ।

ਇਸ ਮੌਕੇ ਸੰਬੋਧਨ ਕਰਦਿਆਂ ਕਿਸਾਨ ਆਗੂ ਸ਼ੀਰਾ ਸਿੰਘ ਦੋਦੜਾ ਨੇ ਕਿਹਾ ਕਿ ਐਫਸੀਆਈ ਖ਼ਰੀਦ ਏਜੰਸੀ ਕਿਸਾਨਾਂ ਨੂੰ ਹੈਰਾਨ ਪ੍ਰਰੇਸ਼ਾਨ ਕਰਦੀ ਹੈ, ਜਿਸ ਕਰ ਕੇ ਇਸ ਏਜੰਸੀ ਦੀ ਖ਼ਰੀਦ ਕੈਂਸਲ ਕਰਕੇ ਕਿਸੇ ਹੋਰ ਖ਼ਰੀਦ ਏਜੰਸੀ ਦੀ ਖ਼ਰੀਦ ਸ਼ੁਰੂ ਕਰਵਾਈ ਜਾਵੇ ਤਾਂ ਕਿ ਕਿਸਾਨਾਂ ਦੀ ਦਿੱਕਤ ਦਾ ਹੱਲ ਹੋ ਸਕੇ।

ਕਿਸਾਨ ਆਗੂ ਨੇ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਵੀ ਕੇਂਦਰ ਦੀ ਸਰਕਾਰ ਵਾਂਗ ਕਿਸਾਨਾਂ ਨੂੰ ਪਰੇਸ਼ਾਨ ਕਰਨ 'ਤੇ ਤੁਲੀ ਹੋਈ ਹੈ। ਇਸ ਮੌਕੇ ਬੋਲਦਿਆਂ ਆੜ੍ਹਤੀ ਆਗੂ ਵੇਦ ਪ੍ਰਕਾਸ਼ ਹੋਡਲਾ ਨੇ ਕਿਹਾ ਕਿ ਜੇਕਰ ਕਿਸਾਨ ਦੁਖੀ ਹਨ ਤਾਂ ਆਡ੍ਹਤੀ ਉਸ ਤੋਂ ਵੱਧ ਦੁਖੀ ਹਨ, ਕਿਉਂਕਿ ਆੜ੍ਹਤੀ ਅਤੇ ਕਿਸਾਨ ਦਾ ਆਪਸੀ ਰਿਸ਼ਤਾ ਬਹੁਤ ਡੂੰਘਾ ਹੈ।

ਉਨ੍ਹਾਂ ਕਿਹਾ ਕਿ ਐਫਸੀਆਈ ਵੱਲੋਂ ਉਨ੍ਹਾਂ ਦੀ ਪਿਛਲੀ ਆਡ੍ਹਤ ਅਤੇ ਲੇਬਰ ਅੱਜ ਤੱਕ ਨਹੀਂ ਦਿੱਤੀ ਗਈ। ਇਸ ਮੌਕੇ ਕਿਸਾਨ ਆਗੂ ਬੂਟਾ ਸਿੰਘ ਗੁੜੱਦੀ ਮੀਤ ਪ੍ਰਧਾਨ ਬੁਢਲਾਡਾ, ਭੋਲਾ ਸਿੰਘ, ਬਲਵਿੰਦਰ ਸਿੰਘ, ਹਰਵਿੰਦਰ ਸਿੰਘ, ਸਰਪੰਚ ਜੁਗਰਾਜ ਸਿੰਘ ਹੀਰੋਂ ਖੁਰਦ, ਸਰਪੰਚ ਜਰਨੈਲ ਸਿੰਘ ਖੀਵਾ ਮੀਹਾਂ ਸਿੰਘ ਵਾਲਾ, ਰੁਲਦੂ ਸਿੰਘ, ਭੋਲਾ ਸਿੰਘ, ਪੂਰਨ ਸਿੰਘ, ਨਾਜਮ ਸਿੰਘ, ਰਣ ਸਿੰਘ, ਕੇਵਲ ਸਿੰਘ,ਆੜ੍ਹਤੀ ਆਗੂ ਬਾਦਲ ਸਿੰਘ, ਬਿ੍ਜ ਵਰਿੰਦਰ ਸਿੰਘ,ਰਜੇਸ਼ ਕੁਮਾਰ, ਵੇਦ ਪ੍ਰਕਾਸ਼,ਰਣ ਸਿੰਘ,ਜਗਸੀਰ ਸਿੰਘ, ਜਰਨੈਲ ਸਿੰਘ, ਗਗਨ ਗੋਇਲ ਰਾਜਾ ਸਿੰਘ ਆੜਤੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਿਸਾਨ ਤੇ ਅੌਰਤਾਂ ਵੀ ਮੌਜੂਦ ਸਨ। ਪੁਲਿਸ ਪ੍ਰਸ਼ਾਸਨ ਵਲੋਂ ਥਾਣਾ ਸ਼ਹਿਰੀ ਦੇ ਮੁਖੀ ਸੁਰਜਨ ਸਿੰਘ ਪੁਲਿਸ ਟੀਮ ਸਮੇਤ ਮੌਕੇ 'ਤੇ ਮੌਜੂਦ ਸਨ।