ਪੱਤਰ ਪੇ੍ਰਕ, ਮਾਨਸਾ : ਪੰਜਾਬ ਸਰਕਾਰ ਦੇ ਨਿਰਦੇਸ਼ਾਂ ਤੇ ਡੀਸੀ ਮਾਨਸਾ ਅਪਨੀਤ ਰਿਆਤ ਵੱਲੋਂ ਫ਼ਸਲਾਂ ਦੀ ਰਹਿੰਦ- ਖੂੰਹਦ ਨੂੰ ਅੱਗ ਲਾਉਣ ਤੋਂ ਰੋਕਣ ਤੇ ਆਮ ਲੋਕਾਂ 'ਚ ਅਜਿਹੀਆਂ ਗਤੀਵਿਧੀਆਂ ਨੂੰ ਰੋਕਣ ਸਬੰਧੀ ਜਾਗਰੂਕ ਕਰਨ ਲਈ ਸਬ ਡਵੀਜ਼ਨ ਬੁਢਲਾਡਾ 'ਚ ਟੀਮਾਂ ਦਾ ਗਠਨ ਕੀਤਾ ਗਿਆ ਹੈ। ਉਪ ਮੰਡਲ ਮੈਜਿਸਟਰੇਟ ਬੁਢਲਾਡਾ ਆਦਿੱਤਯ ਡੇਚਲਵਾਲ ਨੇ ਹੁਕਮ ਜਾਰੀ ਕਰਦਿਆਂ ਦੱਸਿਆ ਕਿ ਕਾਨੂੰਗੋਈ ਬੁਢਲਾਡਾ ਵਿਖੇ ਨਾਇਬ ਤਹਿਸੀਲਦਾਰ ਬੁਢਲਾਡਾ, ਬਰ੍ਹੇ ਵਿਖੇ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਬੁਢਲਾਡਾ, ਬੋਹਾ ਵਿਖੇ ਸਕੱਤਰ ਮਾਰਕੀਟ ਕਮੇਟੀ ਬੋਹਾ, ਬਰੇਟਾ ਵਿਖੇ ਐੱਸਡੀਓ ਪਬਲਿਕ ਹੈਲਥ ਬਰੇਟਾ ਨੂੰ ਤਾਇਨਾਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਟੀਮਾਂ ਆਪਣੇ-ਆਪਣੇ ਅਧਿਕਾਰ ਖੇਤਰ 'ਚ ਕਿਸਾਨਾਂ ਨੂੰ ਝੋਨੇ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਾਉਣ ਸਬੰਧੀ ਪ੍ਰਰੇਰਿਤ ਕਰਨਗੀਆਂ ਤੇ ਜੇਕਰ ਕੋਈ ਵਿਅਕਤੀ ਅੱਗ ਲਾਉਦਾ ਪਾਇਆ ਜਾਂਦਾ ਹੈ ਤਾਂ ਉਸ ਦਾ ਪੂਰਾ ਵੇਰਵਾ (ਜ਼ਮੀਨ ਮਾਲਕ ਦਾ ਨਾਮ, ਪਤਾ ਖਸਰਾ ਨੰਬਰ ਆਦਿ) ਇਕੱਠਾ ਕਰਕੇ ਉਸ ਦੇ ਵਿਰੁੱਧ ਨਿਯਮਾਂ ਅਨੁਸਾਰ ਕਾਰਵਾਈ ਆਰੰਭ ਕਰਨੀ ਯਕੀਨੀ ਬਣਾਈ ਜਾਵੇਗੀ।