ਸਰਬਜੀਤ ਸਿੱਧੂ, ਝੁਨੀਰ : ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਸਕੂਲ ਵਿਦਿਆਰਥੀਆਂ ਵਿਚ ਨੈਤਿਕ ਕਦਰਾਂ ਕੀਮਤਾਂ ਨੂੰ ਪ੍ਰਫੁੱਲਤ ਕਰਨ ਦੇ ਉਦੇਸ਼ ਨਾਲ ਹਰ ਸਾਲ ਕਰਵਾਇਆ ਜਾਂਦਾ ਨੈਤਿਕ ਸਿੱਖਿਆ ਇਮਤਿਹਾਨ ਇਸ ਵਾਰ ਮੰਗਲਵਾਰ ਨੂੰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਜੌੜਕੀਆਂ ਵਿਖੇ ਕਰਵਾਇਆ ਗਿਆ। ਇਸ ਦੇ ਤਹਿਤ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਚੰਡੀਗੜ੍ਹ, ਦਿੱਲੀ, ਉੱਤਰ ਪ੍ਰਦੇਸ਼, ਰਾਜਸਥਾਨ, ਛੱਤੀਸਗੜ੍ਹ, ਕਰਨਾਟਕਾ, ਮਹਾਂਰਾਸ਼ਟਰਾ, ਉੜੀਸਾ ਅਤੇ ਬਿਹਾਰ ਬੰਗਾਲ ਪ੍ਰਦੇਸ਼ਾਂ ਵਿਚਲੇ 3600 ਸਕੂਲਾਂ ਦੇ ਤਿੰਨ ਲੱਖ ਤੋਂ ਵਧੀਕ ਵਿਦਿਆਰਥੀ ਇਸ ਇਮਤਿਹਾਨ ਰਾਹੀਂ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਸਿੱਖਿਆਵਾਂ ਨਾਲ ਜੁੜਣਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਇਮਤਿਹਾਨ ਦੇ ਕੋਆਰਡੀਨੇਟਰ ਅਮਰੀਕ ਸਿੰਘ ਸ਼ੇਰ ਖਾਂ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਸ ਇਮਤਿਹਾਨ ਲਈ 24 ਜ਼ੋਨ ਬਣਾਏ ਗਏ ਹਨ। ਪਹਿਲੀ ਤੋਂ ਬਾਰਵੀਂ ਕਲਾਸ ਤੱਕ ਕਰਵਾਏ ਜਾ ਰਹੇ ਇਸ ਇਮਤਿਹਾਨ ਦੇ ਸਿਲੇਬਸ ਲਈ ਪੁਸਤਕ ਗੁਰੂ ਨਾਨਕ ਦੇਵ ਅਤੇ ਬਾਲ-ਵਿਰਸਾ ਨਿਰਧਾਰਤ ਕੀਤੀਆਂ ਗਈਆਂ ਹਨ। ਇਥੇ ਇਹ ਵੀ ਵਰਨਣਯੋਗ ਹੈ ਕਿ ਇਮਤਿਹਾਨ ਵਿਚ ਭਾਗ ਲੈ ਰਹੇ ਸਾਰੇ ਵਿਦਿਆਰਥੀ ਗੁਰੂ ਸਾਹਿਬ ਜੀ ਦੀਆਂ ਸਿੱਖਿਆਵਾਂ ਨੂੰ ਸਮਰਪਿਤ ਹੁੰਦੇ ਹੋਏ ਅਪਣੇ ਨਿੱਜੀ ਜੀਵਨ ਵਿਚ ਇਮਾਨਦਾਰੀ ਦੀ ਕਿਰਤ ਕਮਾਈ, 'ਵੰਡ ਛਕੋ' ਦੇ ਸਿਧਾਂਤ ਅਨੁਸਾਰ ਅਪਣੇ ਵਸੀਲਿਆਂ ਤੇ ਗੁਣਾਂ ਦੀ ਦੂਜਿਆਂ ਨਾਲ ਸਾਝ ਕਰਨੀ, ਮਿਲਵਰਤਣ ਤੇ ਸਹਿਯੋਗ, ਪ੍ਰਮਾਤਮਾ ਤੇ ਭਰੋਸਾ, ਸਭ ਨਾਲ ਦੋਸਤੀ ਅਤੇ ਸਰਬੱਤ ਦੇ ਭਲੇ ਵਾਲਾ ਨਰੋਆ ਸਮਾਜ ਸਿਰਜਣ ਦਾ ਸੰਕਲਪ ਦਿ੍ੜ ਕਰਨਗੇ। ਇਮਤਿਹਾਨ ਦੇ ਕੇਂਦਰੀ ਕੋਆਰਡੀਨੇਟਰ ਨੇ ਇਮਤਿਹਾਨ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਸ ਇਮਤਿਹਾਨ ਦੇ ਸਫਲਤਾ ਪੂਰਵਕ ਆਯੋਜਨ ਲਈ ਪੰਜਾਬ ਸਰਕਾਰ ਦੇ ਸਕੂਲ ਸਿੱਖਿਆ ਵਿਭਾਗ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਚੀਫ ਖਾਲਸਾ ਦੀਵਾਨ, ਕਲਗੀਧਰ ਟਰੱਸਟ ਬੜੂ ਸਾਹਿਬ ਨਾਲ ਸਬੰਧਤ ਅਕਾਲ ਅਕਾਦਮੀਆਂ, ਅਤੇ ਹੋਰ ਬਹੁਤ ਸਾਰੀਆਂ ਵਿਦਿਅਕ ਸੰਸਥਾਵਾਂ ਵਲੋਂ ਪੂਰਨ ਸਹਿਯੋਗ ਦਿੱਤਾ ਜਾ ਰਿਹਾ ਹੈ ਜਿਸ ਲਈ ਉਨ੍ਹਾਂ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਸਾਰਿਆਂ ਦਾ ਧੰਨਵਾਦ ਕੀਤਾ। ਉਨ੍ਹਾਂ ਅੱਗੇ ਦਸਿਆ ਕਿ ਇਸ ਇਮਤਿਹਾਨ ਦੀਆਂ ਪੁਸਤਕਾਂ ਪੰਜਾਬੀ ਅਤੇ ਹਿੰਦੀ ਦੋਵੇ ਭਾਸ਼ਾਵਾਂ ਵਿਚ ਉਪਲੱਬਧ ਕਰਾਈਆਂ ਗਈਆਂ ਹਨ ਅਤੇ ਹਿੰਦੀ ਭਾਸ਼ਾ ਜਾਨਣ ਵਾਲੇ ਵਿਦਿਆਰਥੀ ਹਿੰਦੀ ਵਿਚ ਵੀ ਇਹ ਇਮਤਿਹਾਨ ਦੇ ਸਕਣਗੇ।