ਸੰਦੀਪ ਜਿੰਦਲ, ਭੀਖੀ: ਭੀਖੀ ਦੇ ਮਾਨਸਾ ਰੋਡ 'ਤੇ ਗਿਆਨ ਰਿਜੌਰਟ ਨੇੜੇ ਇੱਕ ਟਵੇਰਾ ਕਾਰ ਅਤੇ ਟਰਾਲੇ ਦੀ ਟੱਕਰ ਵਿੱਚ ਇੱਕ ਲੜਕੀ ਦੀ ਮੌਤ ਹੋ ਗਈ ਹੈ, ਜਦ ਕਿ ਕਾਰ ਵਿੱਚ ਸਵਾਰ 6 ਹੋਰ ਲੜਕੀਆਂ, ਇੱਕ ਲੜਕਾ ਅਤੇ ਡਰਾਇਵਰ ਜ਼ਖ਼ਮੀ ਹੋ ਗਏ ਹਨ। ਜਿੰਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਮਾਨਸਾ ਲਿਜਾਇਆ ਗਿਆ। ਜਾਣਕਾਰੀ ਦਿੰਦਿਆਂ ਥਾਣਾ ਭੀਖੀ ਦੇ ਏਐੱਸਆਈ ਧਰਮਪਾਲ ਨੇ ਦੱਸਿਆ ਕਿ ਹਰਿਆਣਾ ਦੇ ਪਿੰਡ ਭਾਦੜਾ ਅਤੇ ਸੁਖਚੈਨ ਤੋਂ 7 ਵਿਦਿਆਰਥਣਾਂ ਈਟੀਟੀ ਦਾ ਪੇਪਰ ਦੇਣ ਲਈ ਮੋਹਾਲੀ ਲਈ ਸਵੇਰੇ ਤਿੰਨ ਵਜੇ ਕਾਲਿਆਂਵਾਲੀ ਤੋਂ ਰਵਾਨਾ ਹੋਈਆਂ ਸਨ। ਤਕਰੀਬਨ 4 ਵਜੇ ਜਦ ਉਹਨਾਂ ਦੀ ਗੱਡੀ ਭੀਖੀ ਦੇ ਮਾਨਸਾ ਰੋਡ ਤੇ ਗਿਆਨ ਰਿਜੌਰਟ ਕੋਲ ਪਹੁੰਚੀ ਤਾਂ ਉਸਦੀ ਸਾਹਮਣੇ ਤੋਂ ਆ ਰਹੇ ਟਰਾਲੇ (ਘੋੜੇ) ਨਾਲ ਟੱਕਰ ਹੋ ਗਈ। ਜਿਸ ਨਾਲ ਟਵੇਰਾ ਕਾਰ ਬੁਰੀ ਤਰਾਂ ਨੁਕਸਾਨੀ ਗਈ। ਇਸ ਹਾਦਸੇ ਵਿੱਚ ਕਾਰ ਸਵਾਰ ਵਿਦਿਆਰਥਣ ਸਿਮਰਨਜੀਤ ਕੌਰ ਪਤਨੀ ਗੁਰਵਿੰਦਰ ਸਿੰਘ ਵਾਸੀ ਕਾਲਿਆਂਵਾਲੀ ਦੀ ਮੌਤ ਹੋ ਗਈ, ਜਦ ਕਿ ਕਾਰ ਵਿੱਚ ਸਵਾਰ 6 ਹੋਰ ਲੜਕੀਆਂ, ਇੱਕ ਲੜਕਾ ਅਤੇ ਡਰਾਇਵਰ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਤੁਰੰਤ ਮਾਨਸਾ ਦੇ ਸਿਵਲ ਹਸਪਤਾਲ ਵਿਖੇ ਲਿਜਾਇਆ ਗਿਆ। ਜਿੱਥੋਂ ਉਨ੍ਹਾਂ ਵਿੱਚੋਂ 4 ਲੜਕੀਆਂ, ਇੱਕ ਲੜਕੇ ਅਤੇ ਡਰਾਇਵਰ ਨੂੰ ਅੱਗੇ ਰੈਫਰ ਕਰ ਦਿੱਤਾ ਗਿਆ। ਉੱਧਰ ਭੀਖੀ ਪੁਲਿਸ ਨੇ ਟਰਾਲੇ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਮ੍ਰਿਤਕ ਸਿਮਰਨਜੀਤ ਕੌਰ ਪੇਪਰ ਦੇਣ ਲਈ ਆਪਣੇ 2 ਸਾਲ ਦੇ ਬੱਚੇ ਨੂੰ ਘਰ ਛੱਡ ਕੇ ਆਈ ਸੀ।

Posted By: Jagjit Singh