ਕੁਲਵਿੰਦਰ ਸਿੰਘ ਚਹਿਲ, ਬੁਢਲਾਡਾ : ਜਵਾਹਰ ਨਵੋਦਿਆ ਵਿਦਿਆਲਿਆ ਫਫੜੇ ਭਾਈਕੇ 'ਚ ਸ਼ੈਸਨ 2020-21 ਦੇ 6ਵੀਂ ਕਲਾਸ ਚ ਦਾਖਲੇ ਲਈ ਹੋਣ ਵਾਲੀ ਪ੍ਰਵੇਸ਼ ਪ੍ਰਰੀਖਿਆ ਦੀ ਤਿਆਰੀ ਕਰਾਉਣ ਲਈ ਮਾਨਸਾ ਜ਼ਿਲ੍ਹੇ 'ਚ 7 ਕੋਚਿੰਗ ਕੇਂਦਰ ਸਥਾਪਤ ਕੀਤੇ ਗਏ ਹਨ। ਇਹ ਕੋਚਿੰਗ ਕੇਂਦਰ ਭਾਈ ਜੈਤਾ ਜੀ ਫਾਊਂਡੇਸ਼ਨ ਇੰਡੀਆ ਵੱਲੋਂ ਮੁਫ਼ਤ ਕੋਚਿੰਗ ਦੇਣ ਲਈ ਚਲਾਏ ਗਏ ਹਨ। ਪ੍ਰਰੋਫੈਸਰ ਸਤਨਾਮ ਸਿੰਘ ਬੱਛੋਆਣਾ ਜ਼ਿਲ੍ਹਾ ਕੋਆਰਡੀਨੇਟਰ ਮਾਨਸਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਇਹ ਕੇਂਦਰ ਮਾਨਸਾ ਜ਼ਿਲ੍ਹੇ ਦੇ ਸਾਰੇ ਪੰਜੇ ਸਿਖਿਆ ਬਲਾਕਾਂ ਦੇ ਪਿੰਡ ਬੱਛੋਆਣਾ, ਕੁਲਾਣਾ, ਜੀਤਸਰ, ਸਹਾਰਨਾ, ਨੰਦਗੜ੍ਹ, ਖਿਆਲਾ ਕਲਾਂ, ਕੁਲਰੀਆਂ ਅਤੇ ਕਿਸ਼ਨਗੜ੍ਹ 'ਚ ਬਣਾਏ ਗਏ ਹਨ ਤਾਂ ਜੋ ਲੋੜਵੰਦ ਵਿਦਿਆਰਥੀ ਪ੍ਰਰੀਖਿਆ ਦੀ ਤਿਆਰੀ ਲਈ ਸਹਾਇਤਾ ਹਾਸਲ ਕਰ ਸਕਣ। ਫਾਊਂਡੇਸ਼ਨ ਵੱਲੋਂ ਵਿਦਿਆਰਥੀਆਂ ਨੂੰ ਪ੍ਰਰੀਖਿਆ ਦੀ ਤਿਆਰੀ ਲਈ ਕਿਤਾਬਾਂ, ਪਿਛਲੇ ਪੰਜ ਸਾਲ ਦੇ ਪੇਪਰ ਅਤੇ ਓਐੱਮਆਰ ਸੀਟਾਂ ਦਿੱਤੀਆਂ ਗਈਆਂ। ਹਰ ਕੇਂਦਰ 'ਚ ਇਕ ਪਾਰਟ ਟਾਈਮ ਅਧਿਆਪਕ ਵੀ ਦਿੱਤਾ ਜਾਂਦਾ ਹੈ ਜੋ ਪ੍ਰਰੀਖਿਆ ਦੀ ਤਿਆਰੀ ਚ ਵਿਦਿਆਰਥੀਆਂ ਦੀ ਮੱਦਦ ਕਰੇਗਾ। ਉਨ੍ਹਾਂ ਦੱਸਿਆ ਕਿ ਫਾਊਂਡੇਸ਼ਨ ਦੇ ਮੁਖੀ ਹਰਪਾਲ ਸਿੰਘ ਯੂਐੱਸਏ ਅਤੇ ਜਸਵਿੰਦਰ ਸਿੰਘ ਪਸਰੀਚਾ ਦੀ ਸਰਪ੍ਰਸਤੀ ਹੇਠ ਅਜਿਹੇ ਸੈਂਟਰ ਪੰਜਾਬ ਦੇ ਸਾਰੇ ਹੀ ਜ਼ਿਲਿ੍ਹਆਂ 'ਚ ਆਰੰਭ ਕੀਤੇ ਗਏ ਹਨ ਤਾਂ ਜੋ ਪਹਿਲੇ ਪੜਾਅ 'ਤੇ ਹੀ ਵਿਦਿਆਰਥੀਆਂ ਚ ਮੁਕਾਬਲੇ ਦੀ ਭਾਵਨਾ ਪੈਦਾ ਹੋ ਸਕੇ। ਇਹ ਕੇਂਦਰ ਪਿੰਡਾਂ ਦੇ ਕਲੱਬਾਂ, ਧਾਰਮਿਕ ਤੇ ਸਮਾਜ ਸੇਵੀ ਸੰਸਥਾਵਾਂ ਅਤੇ ਪੰਚਾਇਤਾਂ ਦੇ ਸਹਿਯੋਗ ਨਾਲ ਕੰਮ ਕਰਨਗੇ। ਨਵੋਦਿਆ ਦੀ ਪ੍ਰਵੇਸ਼ ਪ੍ਰਰੀਖਿਆ ਲਈ ਫਾਰਮ ਭਰਨ ਦੀ ਆਖਰੀ ਮਿਤੀ 30 ਸਤੰਬਰ ਤਕ ਵਧਾ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਫਾਊਂਡੇਸ਼ਨ ਵੱਲੋਂ ਨੀਟ ਅਤੇ ਜੇਈਈ ਦੀ ਪ੍ਰਵੇਸ਼ ਪ੍ਰਰੀਖਿਆ ਲਈ ਇਕ ਹੋਰ ਵੱਖਰਾ ਬੀਜੇਐੱਫ ਸਟਾਰ ਸਕਾਲਰਸ਼ਿਪ ਪ੍ਰਰੋਜੈਕਟ ਚੰਡੀਗੜ੍ਹ ਕੈਂਪਸ 'ਚ ਸਫਲਤਾ ਪੂਰਵਕ ਚੱਲ ਰਿਹਾ ਹੈ। ਚੁਣੇ ਜਾਣ ਵਾਲੇ ਵਿਦਿਆਰਥੀਆਂ ਨੂੰ ਇਸ ਸਕਾਲਰਸ਼ਿਪ ਰਾਹੀਂ 10ਵੀਂ ਤੋਂ ਬਾਅਦ ਗਿਆਰਵੀਂ ਕਲਾਸ (ਮੈਡੀਕਲ, ਨਾਨ- ਮੈਡੀਕਲ) 'ਚ ਦਾਖਲ ਕੀਤਾ ਜਾਂਦਾ ਹੈ, ਜਿੱਥੇ ਉਨ੍ਹਾਂ ਪੜਾਈ ਦੇ ਨਾਲ ਨਾਲ ਨੀਟ ਤੇ ਜੇਈਈ ਦੀ ਪ੍ਰਰੀਖਿਆ ਦੀ ਕੋਚਿੰਗ ਵੀ ਦਿੱਤੀ ਜਾਂਦੀ। 10 ਵੀਂ ਕਲਾਸ 'ਚ ਪੜ੍ਹ ਰਹੇ ਵਿਦਿਆਰਥੀਆਂ ਲਈ ਸੰਸਥਾ ਵੱਲੋਂ ਸਟਾਰ ਸਕਾਲਰਸ਼ਿਪ ਪ੍ਰਰੀਖਿਆ ਜਨਵਰੀ 2020 'ਚ ਕਰਵਾਈ ਜਾਵੇਗੀ।