ਮਾਨਸਾ : ਜ਼ਿਲ੍ਹਾ ਮੈਜਿਸਟ੍ਰੇਟ-ਕਮ-ਜ਼ਿਲ੍ਹਾ ਚੋਣ ਅਫਸਰ ਮਾਨਸਾ ਅਪਨੀਤ ਰਿਆਤ ਨੇ ਪੰਜਾਬ ਆਬਕਾਰੀ ਐਕਟ 1914 ਦੀ ਧਾਰਾ 54 ਅਤੇ ਲੋਕ ਪ੍ਰਤੀਨਿਧਤਾ ਐਕਟ, 1951 ਦੇ ਸੈਕਸ਼ਨ 135 ਸੀ ਦੇ ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ 10 ਮਈ 2019 ਨੂੰ ਸ਼ਾਮ 6.00 ਵਜੇ ਤੋਂ ਲੈ ਕੇ 12 ਮਈ 2019 ਨੂੰ ਸ਼ਾਮ 6 ਵਜੇ ਤਕ ਹਰਿਆਣਾ ਰਾਜ ਦੇ ਬਾਰਡਰ ਤੋਂ ਇਸ ਜ਼ਿਲ੍ਹੇ ਵਿਚ ਆਉਂਦੇ ਤਿੰਨ ਕਿਲੋਮੀਟਰ ਦੇ ਏਰੀਆ ਵਿਚ 'ਡਰਾਈ ਡੇ' ਐਲਾਨ ਕੀਤਾ ਹੈ। ਹੁਕਮ ਵਿਚ ਉਨ੍ਹਾਂ ਕਿਹਾ ਕਿ ਹਰਿਆਣਾ ਰਾਜ ਵਿਚ ਲੋਕ ਸਭਾ ਚੋਣਾ-2019 ਮਿਤੀ 12 ਮਈ 2019 ਨੂੰ ਹੋਣੀਆਂ ਹਨ, ਜਿਸ ਸਬੰਧੀ ਉਕਤ ਮਿਤੀਆਂ ਨੂੰ ਡਰਾਈ ਡੇ ਐਲਾਨ ਕੀਤਾ ਜਾਂਦਾ ਹੈ।

ਜ਼ਿਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਇਸੇ ਤਰ੍ਹਾਂ ਪੰਜਾਬ ਰਾਜ ਵਿਚ 19 ਮਈ 2019 ਨੂੰ ਲੋਕ ਸਭਾ ਚੋਣਾ ਹੋਣੀਆਂ ਨਿਯਤ ਹੋਈਆਂ ਹਨ ਜਿਸ ਦੇ ਮੱਦੇਨਜ਼ਰ 17 ਮਈ 2019 ਨੂੰ ਸ਼ਾਮ 5.00 ਵਜੇ ਤੋਂ 19 ਮਈ 2019 ਤਕ ਸ਼ਾਮ ਨੂੰ ਪੋਿਲੰਗ ਮੁਕੰਮਲ ਹੋਣ ਤਕ ਤੇ ਵੋਟਾਂ ਦੀ ਗਿਣਤੀ ਵਾਲੇ ਦਿਨ 23 ਮਈ 2019 ਨੂੰ ਜ਼ਿਲ੍ਹੇ ਦੀ ਹਦੂਦ ਅੰਦਰ ਡਰਾਈ ਡੇਅ ਐਲਾਨ ਕੀਤਾ ਜਾਂਦਾ ਹੈ। ਰਿਆਤ ਨੇ ਕਿਹਾ ਕਿ ਉਕਤ ਦਰਸਾਈਆਂ ਗਈਆਂ ਮਿਤੀਆਂ ਨੂੰ ਸ਼ਰਾਬ ਦੇ ਠੇਕੇ, ਅਹਾਤੇ ਖੁਲ੍ਹੇ ਨਹੀਂ ਹੋਣਗੇ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਸ਼ਰਾਬ ਹੋਟਲਾਂ, ਠੇਕਿਆਂ, ਰੈਸਟੋਰੈਂਟਾ ਕਲੱਬਾਂ ਵਿਚ ਵੇਚੀ ਤੇ ਵਰਤਾਈ ਨਹੀਂ ਜਾਵੇਗੀ ਅਤੇ ਕੋਈ ਵੀ ਵਿਅਕਤੀ ਸ਼ਰਾਬ ਦੀ ਸਟੋਰੇਜ ਨਹੀਂ ਕਰੇਗਾ।