-ਨਸ਼ਿਆਂ ਵਿਰੁੱਧ ਸੁਰੂ ਕੀਤੇ ਸੈਮੀਨਰ ਅੱਗੇ ਲਈ ਵੀ ਇਸੇ ਤਰ੍ਹਾਂ ਹੀ ਜਾਰੀ ਰਹਿਣਗੇ-ਡਾ ਭਾਰਗਵ

ਸਟਾਫ ਰਿਪੋਰਟਰ, ਮਾਨਸਾ : ਮੰਗਲਵਾਰ ਨੂੰ ਮਾਨਸਾ ਵਿਖੇ ਇਕ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਐੱਸਐੱਸਪੀ ਮਾਨਸਾ ਡਾ. ਨਰਿੰਦਰ ਭਾਰਗਵ ਨੇ ਕਿਹਾ ਕਿ ਜ਼ਿਲ੍ਹੇ ਨੂੰ 100 ਫੀਸਦੀ ਨਸ਼ਾ ਮੁਕਤ ਕਰਨ ਦੇ ਦਿ੍ੜ ਇਰਾਦੇ ਨਾਲ ਪਿੰਡਾਂ/ਸ਼ਹਿਰਾਂ ਵਿਚ ਸੈਮੀਨਾਰ ਕਰਵਾ ਕੇ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਗਰੂਕ ਕੀਤਾ ਜਾ ਰਿਹਾ ਹੈ। ਜ਼ਿਲ੍ਹੇ ਦੀਆਂ ਤਿੰਨੇ ਸਬ-ਡਵੀਜ਼ਨਾਂ 'ਚ ਸਾਰੇ ਗਜਟਿਡ ਅਧਿਕਾਰੀ ਅਤੇ ਮੁੱਖ ਅਧਿਕਾਰੀ ਥਾਣਾਜਾਤ ਵੱਲੋਂ ਇਸ ਮਹੀਨੇ ਦੇ ਪਹਿਲੇ ਪੰਦਰਵਾੜੇ ਦੌਰਾਨ ਪਿੰਡਾਂ/ਸ਼ਹਿਰਾ ਵਿੱਚ ਵੱਖ-ਵੱਖ ਥਾਵਾਂ ਤੇ ਲੋਕਾਂ ਦਾ ਭਰਵਾਂ ਇਕੱਠ ਕਰਕੇ ਕੁੱਲ 34 ਸੈਮੀਨਰ ਕਰਵਾ ਕੇ ਲੋਕਾਂ ਨੂੰ ਨਸ਼ਿਆਂ ਵਿਰੁੱਧ ਲਾਮਬੰਦ ਕੀਤਾ ਹੈ। ਉਨ੍ਹਾਂ ਕਿਹਾ ਕਿ ਸ਼ੁਰੂ ਕੀਤੇ ਇਹਨਾਂ ਨਸ਼ਾ ਛੁਡਾਊ ਸੈਮੀਨਰਾਂ ਨੂੰ ਅੱਗੇ ਲਈ ਵੀ ਇਸੇ ਤਰ੍ਹਾ ਹੀ ਜਾਰੀ ਰੱਖਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸੈਮੀਨਾਰਾਂ ਵਿਚ ਪੁਲਿਸ ਅਧਿਕਾਰੀਆਂ, ਸਿਵਲ ਅਧਿਕਾਰੀਆਂ ਅਤੇ ਪੜੇ੍ਹ ਲਿਖੇ ਸਮਾਜ ਸੇਵੀ ਵਿਅਕਤੀਆਂ ਦੇ ਲੈਕਚਰ ਕਰਵਾਏ ਜਾਂਦੇ ਹਨ। ਵਿਦਿਅਕ ਸੰਸਥਾਵਾਂ ਚ ਜਾ ਕੇ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੀ ਬਜਾਏ ਪੜ੍ਹਾਈ ਵੱਲ ਅਤੇ ਖੇਡਾਂ ਵੱਲ ਪ੍ਰਰੇਰਿਤ ਕਰਕੇ ਚੰਗੇ ਨਾਗਰਿਕ ਬਨਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਸੀਨੀਅਰ ਕਪਤਾਨ ਪੁਲਿਸ ਮਾਨਸਾ ਨੇ ਲੋਕਾਂ ਨੂੰ ਖੁੱਲ੍ਹਾ ਸੁਨੇਹਾ ਦਿੰਦੇ ਹੋਏ ਕਿਹਾ ਕਿ ਨਸ਼ਿਆਂ ਦਾ ਧੰਦਾ ਕਰਨ ਵਾਲੇ ਅਨਸਰਾਂ, ਪ੍ਰਭਾਵਿਤ ਵਿਅਕਤੀਆਂ ਅਤੇ ਅਪਰਾਧੀ ਬਿਰਤੀ ਵਾਲੇ ਵਿਆਕਤੀਆਂ ਵਿਰੁੱਧ ਖੁੱਲ੍ਹ ਕੇ ਪੁਲਿਸ ਨੂੰ ਇਤਲਾਹ ਦੇਣ। ਕੋਈ ਵੀ ਵਿਅਕਤੀ ਕਿਸੇ ਵੀ ਤਰ੍ਹਾਂ ਦੀ ਸੂਚਨਾਂ ਉਨ੍ਹਾਂ ਨੂੰ ਮਿਲ ਕੇ ਦੇ ਸਕਦਾ ਹੈ ਜਾਂ ਟੈਲੀਫੋੋਨ 'ਤੇ ਵੀ ਦੱਸ ਸਕਦਾ ਹੈ, ਜਿਸ ਦਾ ਨਾਂ ਗੁਪਤ ਰੱਖਿਆ ਜਾਵੇਗਾ।