ਹਰਕ੍ਰਿਸ਼ਨ ਸ਼ਰਮਾ, ਮਾਨਸਾ : ਕਾਂਗਰਸ ਨੇ ਡਾ. ਘਨੱਈਆ ਕੁਮਾਰ ਨੂੰ ਮਾਨਸਾ ਜ਼ਿਲ੍ਹੇ ਦਾ ਆਬਜ਼ਰਵਰ ਨਿਯੁਕਤ ਕੀਤਾ ਹੈ। ਹੁਣ ਘਨੱਈਆ ਕਾਂਗਰਸੀ ਉਮੀਦਵਾਰਾਂ ਦੀ ਬੇੜੀ ਪਾਰ ਲੰਘਾਉਣ ਲਈ ਮਾਨਸਾ ਵਿਧਾਨ ਸਭਾ ਹਲਕੇ ਵਿਚ ਮੌਜੂਦ ਰਹਿਣਗੇ।

ਵਿਧਾਨ ਸਭਾ ਚੋਣਾਂ ਵਿਚ ਮਾਨਸਾ ਤੋਂ ਗਾਇਕ ਕਲਾਕਾਰ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਨੂੰ ਕਾਂਗਰਸ ਪਾਰਟੀ ਨੇ ਟਿਕਟ ਦੇ ਕੇ ਚੋਣ ਮੈਦਾਨ ਵਿਚ ਉਤਾਰਿਆ ਹੈ ਜਦੋਂਕਿ ਵਿਧਾਨ ਸਭਾ ਹਲਕਾ ਬੁਢਲਾਡਾ ਤੋਂ ਡਾ. ਰਣਬੀਰ ਕੌਰ ਮੀਆਂ ਨੂੰ ਮੁਕਾਬਲੇ ਵਿਚ ਉਤਾਰਿਆ ਗਿਆ ਹੈ। ਸਰਦੂਲਗੜ੍ਹ ਹਲਕੇ ਤੋਂ ਕਾਂਗਰਸ ਪਾਰਟੀ ਨੇ ਕਿਸੇ ਉਮੀਦਵਾਰ ਦਾ ਨਾਂ ਹਾਲੇ ਨਹੀਂ ਐਲਾਨਿਆ ਹੈ।

ਕਾਬਿਲੇ ਜ਼ਿਕਰ ਹੈ ਕਿ ਭਾਰਤੀ ਕਮਿਊਨਿਸਟ ਪਾਰਟੀ ਵਿਚ ਰਹਿਣ ਕਰ ਕੇ ਘਨੱਈਆ ਦਾ ਖੱਬੇ-ਪੱਖੀਆਂ ਵਿਚ ਚੰਗਾ ਅਧਾਰ ਹੈ ਅਤੇ ਕੁਝ ਦਿਨਾਂ ਤਕ ਉਹ ਇੱਥੇ ਪੁੱਜ ਕੇ ਮੋਰਚਾ ਸੰਭਾਲਣਗੇ। ਡਾ. ਘਨੱਈਆ ਕੁਮਾਰ ਮਾਨਸਾ ਵਿਚ ਪਹਿਲਾਂ ਇਕ ਵਾਰ ਸੀਪੀਆਈ ਦੇ ਹੱਕ ਵਿਚ ਰੈਲੀ ਵਿਚ ਬੋਲਣ ਮਾਨਸਾ ਆਏ ਸਨ। ਹੁਣ ਫਿਰ ਜਦ ਉਨ੍ਹਾਂ ਨੂੰ ਇੱਥੇ ਆਬਜ਼ਰਵਰ ਲਗਾਏ ਜਾਣ ਦੀ ਗੱਲ ਆਈ ਤਾਂ ਉਨ੍ਹਾਂ ਨਾਲ ਰਾਜਨੀਤਕ ਸਮੀਕਰਨਾਂ ਕਿੰਨੇ ਕੁ ਬਦਲ ਸਕਦੇ ਹਨ? ਇਸ 'ਤੇ ਚਰਚਾ ਛਿੜ ਗਈ ਹੈ। ਡਾ. ਘਨੱਈਆ ਨੂੰ ਮਾਨਸਾ ਭੇਜਣ ਨਾਲ ਕਾਂਗਰਸ ਦੇ ਪ੍ਰਚਾਰ ਨੂੰ ਹੁਲਾਰਾ ਮਿਲ ਸਕਦਾ ਹੈ, ਇਸ ਹਲਕੇ 'ਤੇ ਸਾਰੇ ਸਿਆਸੀ ਮਾਹਰਾਂ ਦੀ ਨਜ਼ਰ ਰਹੇਗੀ।