ਗੁਰਵਿੰਦਰ ਸਿੰਘ ਚਹਿਲ, ਹੀਰੋਂ ਖੁਰਦ : ਪੰਜਾਬੀ ਆਲੋਚਨਾ ਦੇ ਖੇਤਰ ਵਿਚ ਡਾ. ਦਵਿੰਦਰ ਬੋਹਾ ਕਿਸੇ ਜਾਣ-ਪਛਾਣ ਦੇ ਮੁਥਾਜ ਨਹੀਂ ਹਨ। ਇਸ ਤੋਂ ਪਹਿਲਾਂ ਡਾ. ਬੋਹਾ ਆਪਣੀਆਂ ਪੰਜ ਸਾਹਿਤਕ ਰਚਨਾਵਾਂ 'ਬ੍ਹਮਪੁੱਤਰ ਦੇ ਅੰਗ-ਸੰਗ ਵਿਚਰਦਿਆਂ', 'ਪਾਸ਼-ਜਿੱਥੇ ਕਵਿਤਾ ਖ਼ਤਮ ਨਹੀਂ ਹੁੰਦੀ', 'ਹਰਭਜਨ ਹਲਵਾਰਵੀ ਦੀ ਕਾਵਿ -ਸੰਵੇਦਨਾ', 'ਦਰਸ਼ਨ ਮਿਤਵਾ ਦੀ ਗਲਪ -ਸੰਵੇਦਨਾ', 'ਜਤਿੰਦਰ ਹਾਂਸ ਦੀ ਕਾਵਿ-ਸੰਵੇਦਨਾ' ਸਾਹਿਤ ਦੀ ਝੋਲੀ ਪਾ ਚੁੱਕੇ ਹਨ। ਹੁਣ ਉਨ੍ਹਾਂ ਆਪਣੀ ਛੇਵੀਂ ਸਾਹਿਤਕ ਰਚਨਾ 'ਸਮਕਾਲੀ ਪੰਜਾਬੀ ਕਵਿਤਾ ਵਿਭਿੰਨ ਅੰਤਰ ਦਿ੍ਸ਼ਟੀਆਂ' ਪਾਠਕਾਂ ਦੀ ਝੋਲੀ ਪਾਈ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਡੀਟੋਰੀਅਮ ਵਿਚ ਅਧਿਆਪਕਾਂ ਦੀ ਸਿਰਜਣਾਤਮਿਕ ਮਿਲਣੀ ਮੌਕੇ ਸਿੱਖਿਆ ਸਕੱਤਰ ਕਿ੍ਸ਼ਨ ਕੁਮਾਰ ਨੇ ਡਾ. ਦਵਿੰਦਰ ਬੋਹਾ ਦੀ ਛੇਵੀਂ ਰਚਨਾ ਨੂੰ ਆਪਣੇ ਕਰ-ਕਮਲਾਂ ਨਾਲ਼ ਲੋਕ ਅਰਪਣ ਕੀਤਾ ਗਿਆ। ਡਾ. ਬੋਹਾ ਦੇ ਹੱਥਲੀ ਪੁਸਤਕ ਵਿਚ ਉਨ੍ਹਾਂ ਨੇ ਆਧੁਨਿਕ ਕਵੀਆਂ ਅਮਰਜੀਤ ਚੰਦਨ, ਅਮਰਜੀਤ ਕਾਉਂਕੇ, ਈਸ਼ਵਰ ਦਿਆਲ ਗੌਡ, ਸੁਖਪਾਲ, ਸੁਖਿੰਦਰ, ਹਰਭਜਨ ਹੁੰਦਲ, ਦਰਸ਼ਨ ਬੁੱਟਰ, ਧਰਮ ਕੰਮੇਆਣਾ, ਬਲਵੀਰ ਪਰਵਾਨਾ, ਬਲਵਿੰਦਰ ਸੰਧੂ, ਮਦਨ ਵੀਰਾ, ਮਨਮੋਹਨ ਅਤੇ ਮੋਹਨਜੀਤ ਦੀਆਂ ਕਾਵਿਮਈ ਰਚਨਾਵਾਂ ਨੂੰ ਆਲੋਚਨਾ ਪੱਖੋਂ ਆਪਣੇ ਖਿਆਲਾਂ ਦੀਆਂ ਵਲਗਣਾਂ 'ਚੋਂ ਬੜੀ ਬਾਰੀਕੀ ਨਾਲ਼ ਫੜਿਆ ਹੈ। ਇਸ ਮੌਕੇ ਸੰਬੋਧਨ ਕਰਦਿਆਂ ਸਿੱਖਿਆ ਸਕੱਤਰ ਨੇ ਕਿਹਾ ਕਿ ਡਾ. ਦਵਿੰਦਰ ਬੋਹਾ ਬਹੁਪੱਖੀ ਸ਼ਖ਼ਸੀਅਤ ਦੇ ਮਾਲਕ ਹਨ, ਜੋ ਸਿੱਖਿਆ ਅਤੇ ਸਾਹਿਤ ਦੇ ਖੇਤਰ ਵਿਚ ਆਪਣੀ ਵਡਮੁੱਲੀ ਭੂਮਿਕਾ ਨਿਭਾਅ ਰਹੇ ਹਨ। ਉਨ੍ਹਾਂ ਕਿਹਾ ਕਿ ਗੁਣਾਤਮਿਕ ਸਿੱਖਿਆ ਦੇ ਪ੍ਰਰੋਗਰਾਮ 'ਪੜ੍ਹੋ ਪੰਜਾਬ ਪੜ੍ਹਾਓ ਪੰਜਾਬ' ਸਦਕਾ ਸਰਕਾਰੀ ਸਕੂਲਾਂ ਦੀ ਸਿੱਖਿਆ ਬੁਲੰਦੀਆਂ ਵੱਲ ਲੈ ਕੇ ਜਾਣ ਵਿਚ ਡਾ. ਬੋਹਾ ਦੀ ਵਿਸ਼ੇਸ਼ ਤੇ ਮਹੱਵਪੂਰਨ ਭੂਮਿਕਾ ਹੈ। ਸੱਤਪਾਲ ਭੀਖੀ ਨੇ ਪੁਸਤਕ ਨੂੰ ਸਾਹਿਤਕ ਪੱਖੋਂ ਨਿਪੁੰਨ ਕਰਾਰ ਦਿੰਦਿਆਂ ਹਰ ਪਾਠਕ ਨੂੰ ਇਹ ਪੁਸਤਕ ਪੜ੍ਹਨ ਦੀ ਸਲਾਹ ਦਿੱਤੀ ਹੈ।

ਪੰਜਾਬੀ ਕਵਿਤਾ ਰਾਹੀਂ ਅਜੋਕੇ ਸਮਾਜ ਦੀ ਤਸਵੀਰ ਨੂੰ ਆਲੋਚਨਾ ਦੇ ਹਰ ਪੱਖ ਤੋਂ ਛੂਹ ਕੇ ਨਿਪੁੰਨਤਾ ਨਾਲ ਬਿਆਨਿਆ ਹੈ। ਮਨਜੀਤ ਪੁਰੀ ਦਾ ਕਹਿਣਾ ਹੈ ਕਿ ਇਸ ਪੁਸਤਕ ਵਿਚ ਡਾ. ਬੋਹਾ ਨੇ ਸਮਕਾਲੀ ਪੰਜਾਬੀ ਕਵਿਤਾ ਦਾ ਅੰਤਰ ਝਾਤ ਰਾਹੀਂ ਵਿਭਿੰਨ ਪੱਖੋਂ ਅਵਲੋਕਨ ਕੀਤਾ ਹੈ। ਪ੍ਰਰੋਫੈਸਰ ਅਜੈਬ ਸਿੰਘ ਟਿਵਾਣਾ ਦਾ ਕਹਿਣਾ ਹੈ ਕਿ ਡਾ. ਬੋਹਾ ਨੇ ਇਸ ਪੁਸਤਕ ਰਾਹੀਂ ਅਜੋਕੇ ਸਮਾਜ ਨੂੰ ਸੱਭਿਆਚਾਰਕ ਕਦਰਾਂ-ਕੀਮਤਾਂ 'ਤੇ ਭਾਰੂ ਹੋ ਰਹੇ ਪੱਛਮੀਕਰਨ ਦੀ ਸਾਫ਼ ਤਸਵੀਰ ਵਿਖਾ ਕੇ ਮਨੁੱਖ ਨੂੰ ਇਨ੍ਹਾਂ ਮਾਰੂ ਪ੍ਰਵਿਰਤੀਆਂ ਤੋਂ ਬਚਣ ਲਈ ਹਲੂਣਦਿਆਂ ਸੱਭਿਆਚਾਰਕ, ਆਰਥਿਕ, ਰਾਜਨੀਤਿਕ ਪੱਖੋਂ ਅਮੀਰ ਉਸਾਰੂ ਸਮਾਜ ਦੀ ਸਿਰਜਣਾ ਕਰਨ ਦਾ ਹੋਕਾ ਦਿੱਤਾ ਹੈ। ਇਸ ਤੋਂ ਇਲਾਵਾ ਸਮਾਗਮ ਵਿਚ ਹਰਜਿੰਦਰ ਰੰਗ, ਜਗਤਾਰ ਸੋਖੀ, ਰਾਜਿੰਦਰ ਸਿੰਘ ਚਾਨੀ, ਮਨਦੀਪ ਸਿੰਘ, ਸੁਖਵਿੰਦਰ ਕੌਰ ਸਿੱਧੂ, ਬਲਜਿੰਦਰ ਸਿੰਘ ਜੌੜਕੀਆਂ, ਰਜਿੰਦਰਪਾਲ ਸਿੰਘ, ਕਸ਼ਮੀਰ ਸਿੰਘ ਗਿੱਲ, ਬਲਵਿੰਦਰ ਸਿੰਘ ਬੁਢਲਾਡਾ, ਅਵਤਾਰ ਸਿੰਘ ਦੋਦੜਾ, ਕੁਲਵਿੰਦਰ ਸਿੰਘ ਬੱਛੋਆਣਾ, ਡਾ. ਕਰਨੈਲ ਵੈਰਾਗੀ, ਨਾਵਲਕਾਰ ਪਰਗਟ ਸਿੰਘ ਸਤੌਜ, ਗੁਰਤੇਜ ਸਿੰਘ ਅਤੇ ਵੱਖ-ਵੱਖ ਜ਼ਿਲਿ੍ਹਆਂ ਤੋਂ ਪਹੁੰਚੇ ਸਾਹਿਤਕਾਰ ਹਾਜ਼ਰ ਸਨ।