ਡਾਇਰੈਕਟਰ ਰਾਜ ਵਿੱਦਿਅਕ ਖੋਜ ਅਤੇ ਸਿਖਲਾਈ

ਗੁਰਵਿੰਦਰ ਸਿੰਘ ਚਹਿਲ, ਪੰਜਾਬੀ ਜਾਗਰਣ, ਹੀਰੋਂ ਖ਼ੁਰਦ
ਡਾਇਰੈਕਟਰ ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪਰਿਸ਼ਦ, ਪੰਜਾਬ ਮੈਡਮ ਕਿਰਨ ਸ਼ਰਮਾ (ਪੀ.ਸੀ.ਐਁਸ.) ਨੇ ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਅਹਿਮਦਪੁਰ (ਮਾਨਸਾ) ਦਾ ਦੌਰਾ ਕੀਤਾ । ਉਨ੍ਹਾਂ ਨਾਲ ਮੁੱਖ ਦਫਤਰ ਤੋਂ ਸਹਾਇਕ ਡਾਇਰੈਕਟਰ ਬਲਵਿੰਦਰ ਸਿੰਘ,ਅਮਨ ਜੈਨ ਅਤੇ ਗੁਰਿੰਦਰ ਸਿੰਘ ਵੀ ਸਨ। ਪ੍ਰਿੰਸੀਪਲ ਡਾ. ਬੂਟਾ ਸਿੰਘ ਸੇਖੋਂ ਅਤੇ ਸਮੂਹ ਸਟਾਫ ਨੇ ਸੰਸਥਾ ਵਿੱਚ ਪਹੁੰਚਣ 'ਤੇ ਡਾਇਰੈਕਟਰ ਮੈਡਮ ਦਾ ਫੁੱਲਾਂ ਦੇ ਗੁਲਦਸਤੇ ਨਾਲ ਸਵਾਗਤ ਕੀਤਾ। ਡਾਇਰੈਕਟਰ ਮੈਡਮ ਨੇ ਸੰਸਥਾ ਵਿੱਚ ਬਣੇ ਈ-ਕੰਟੈਂਟ ਸਟੂਡੀਓ, ਲਿਸਨਿੰਗ ਲੈਬ, ਸਮਾਰਟ ਰੂਮ, ਸਟੈਮ ਲੈਬ, ਕਾਨਫਰਸ ਰੂਮ, ਆਰਟ ਐਂਡ ਕਰਾਫ਼ਟ ਰੂਮ, ਟੀਐੱਲਐੱਮ ਰੂਮ, ਵਿੱਦਿਅਕ ਪਾਰਕ ਅਤੇ ਹੋਰ ਥਾਵਾਂ ਦਾ ਨਿਰੀਖਣ ਕੀਤਾ ਅਤੇ ਸੰਸਥਾ ਦੇ ਬੁਨਿਆਦੀ ਢਾਂਚੇ , ਇਸ ਦੀ ਸੁੰਦਰਤਾ, ਪ੍ਰਬੰਧਨ ਅਤੇ ਅਕਾਦਮਿਕ ਮਾਹੌਲ ਦੀ ਭਰਪੂਰ ਪ੍ਰਸੰਸਾ ਕੀਤੀ।
ਇਸ ਦੌਰਾਨ ਉਨ੍ਹਾਂ ਨੇ ਸਟੈਁਮ ਲੈਬ ਵਿੱਚ ਸਿਖਿਆਰਥੀਆਂ ਦੁਆਰਾ ਤਿਆਰ ਕੀਤੇ ਤਕਨੀਕੀ ਮਾਡਲ/ ਪ੍ਰੋਜੈਕਟ ਵੀ ਦੇਖੇ, ਜਿਹਨਾਂ ਬਾਰੇ ਸਿਖਿਆਰਥੀਆਂ ਨੇ ਪਹੁੰਚੇ ਹੋਏ ਮਹਿਮਾਨਾਂ ਨੂੰ ਜਾਣਕਾਰੀ ਦਿੱਤੀ । ਇਸ ਮੌਕੇ ਕਰਵਾਏ ਗਏ ਇਕੱਤਰਤਾ ਸਮਾਗਮ ਦੌਰਾਨ ਲੈਕਚਰਰ ਸਰੋਜ ਸਿੰਗਲਾ ਨੇ ਪਹੁੰਚੇ ਹੋਏ ਮਹਿਮਾਨਾਂ ਦਾ ਰਸਮੀ ਤੌਰ ਤੇ ਸਵਾਗਤ ਕੀਤਾ।
ਸੰਸਥਾ ਦੇ ਪ੍ਰਿੰਸੀਪਲ ਡਾ. ਬੂਟਾ ਸਿੰਘ ਸੇਖੋਂ ਨੇ ਸੰਸਥਾ ਦੇ ਵਿਕਾਸ ਦੇ ਸਫ਼ਰ ਦੀ ਇੱਕ ਪ੍ਰਭਾਵਸ਼ਾਲੀ ਡਿਜੀਟਲ ਪੇਸ਼ਕਾਰੀ ਦਿੱਤੀ। ਉਨ੍ਹਾਂ ਪੇਸ਼ਕਾਰੀ ਰਾਹੀਂ ਸੰਸਥਾ ਦੇ ਮੂਲਭੂਤ ਬੁਨਿਆਦੀ ਢਾਂਚੇ ਦੇ ਮੌਜੂਦਾ ਵਿਕਾਸ ਤੱਕ ਦੇ ਸਫਰ ਤੋਂ ਇਲਾਵਾ ਅਕਾਦਮਿਕ ਅਤੇ ਸਹਿ- ਅਕਾਦਮਿਕ ਗਤੀਵਿਧੀਆਂ ਵਿੱਚ ਸੰਸਥਾ ਦੀਆਂ ਮਾਣਮੱਤੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਸਮਰਪਣ ਅਤੇ ਮਿਹਨਤ ਨਾਲ ਇਸ ਸੰਸਥਾ ਨੂੰ ਹੋਰ ਬੁਲੰਦੀਆਂ ਲੈ ਕੇ ਜਾਣ ਦਾ ਸਫਰ ਜਾਰੀ ਹੈ । ਇਸ ਮੌਕੇ ਮੁੱਖ ਮਹਿਮਾਨ ਡਾਇਰੈਕਟਰ ਮੈਡਮ ਕਿਰਨ ਸ਼ਰਮਾ (ਪੀ.ਸੀ.ਐੱਸ.) ਡਾਇਰੈਕਟਰ ਐੱਸ.ਸੀ.ਈ.ਆਰ.ਟੀ. ਨੇ ਸਟਾਫ ਅਤੇ ਸਿਖਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੰਸਥਾ ਮੁੱਖੀ ਅਤੇ ਸਮੂਹ ਸਟਾਫ ਵੱਲੋਂ ਕੀਤੀ ਹੋਈ ਮਿਹਨਤ ਸੰਸਥਾ ਦੇ ਵਿਕਾਸ ਅਤੇ ਮਾਣਮੱਤੀਆਂ ਪ੍ਰਾਪਤੀਆਂ ਤੋਂ ਸਾਫ ਝਲਕਦੀ ਹੈ। ਉਨ੍ਹਾਂ ਕਿਹਾ ਕਿ ਇਹ ਸੰਸਥਾ ਪੰਜਾਬ ਦੇ ਵਿੱਦਿਅਕ ਅਦਾਰਿਆਂ ਲਈ ਪ੍ਰੇਰਨਾ ਸਰੋਤ ਹੈ । ਉਨ੍ਹਾਂ ਸੰਸਥਾ ਵੱਲੋਂ ਨਕਾਰਾ ਹੋ ਚੁੱਕੀਆਂ ਜਾਂ ਫਾਲਤੂ ਚੀਜ਼ਾਂ ਨੂੰ ਨਵਿਆ ਕੇ ਮੁੜ ਵਰਤੋਂ ਵਿੱਚ ਲਿਆਉਣ ਦੇ ਉਪਰਾਲੇ ਦੀ ਭਰਪੂਰ ਪ੍ਰਸ਼ੰਸਾ ਕੀਤੀ। ਪ੍ਰੋਗਰਾਮ ਦੇ ਅੰਤਲੇ ਪੜਾਅ ਵਿੱਚ ਸੰਸਥਾ ਦੇ ਪ੍ਰਿੰਸੀਪਲ ਅਤੇ ਸਮੂਹ ਸਟਾਫ ਦੁਆਰਾ ਮੁੱਖ ਮਹਿਮਾਨ ਸਮੇਤ ਪਹੁੰਚੇ ਹੋਏ ਮਹਿਮਾਨਾਂ ਨੂੰ ਸਨਮਾਨ- ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰੋਗਰਾਮ ਦੀ ਸਮਾਪਤੀ 'ਤੇ ਡਾ. ਅੰਗਰੇਜ਼ ਸਿੰਘ ਵਿਰਕ ਨੇ ਮੁੱਖ ਮਹਿਮਾਨ ਸਮੇਤ ਸਭ ਦਾ ਧੰਨਵਾਦ ਕੀਤਾ । ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਅਮਰਜੀਤ ਸਿੰਘ ਚਹਿਲ ਨੈਸ਼ਨਲ ਅਵਾਰਡੀ ਦਾ ਵਿਸ਼ੇਸ਼ ਯੋਗਦਾਨ ਰਿਹਾ। ਪ੍ਰੋਗਰਾਮ ਦੌਰਾਨ ਮੰਚ ਸੰਚਾਲਨ ਲੈਕਚਰਾਰ ਬਲਵਿੰਦਰ ਬਾਘਾ ਨੇ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਲੈਕਚਰਾਰ ਪਰਸ਼ੋਤਮ ਸਿੰਘ, ਲੈਕਚਰਾਰ ਨਵਦੀਪ ਕੌਰ, ਬਲਦੇਵ ਪ੍ਰਕਾਸ਼ ਸਿੰਗਲਾ, ਸਤਨਾਮ ਸਿੰਘ, ਡਾ. ਗੁਰਪ੍ਰੀਤ ਕੌਰ, ਜਸਪਾਲ ਕੌਰ, ਹਰਵਿੰਦਰ ਕੌਰ, ਮਗਿੰਦਰਜੀਤ ਸਿੰਘ, ਅਮਨਦੀਪ ਸਿੰਘ ਹਾਜ਼ਰ ਸਨ।