ਤਰਸੇਮ ਸ਼ਰਮਾ, ਬਰੇਟਾ: ''ਸ਼੍ਰੋਮਣੀ ਅਕਾਲੀ ਦਲ (ਡੈਮੋਕੇਟਿਕ) ਕਿਸਾਨੀ ਸੰਘਰਸ਼ ਨੂੰ ਸਲਾਮ ਕਰਦਾ ਹੋਇਆ ਇਹ ਦਾਅਵਾ ਕਰਦਾ ਹੈ ਕਿ ਕਿਸਾਨ ਦਿੱਲੀ ਮੋਰਚਾ ਫ਼ਤਿਹ ਕਰ ਕੇ ਮੁੜਨਗੇ।'' ਇਹ ਪ੍ਰਗਟਾਵਾ ਪਿੰਡ ਗੋਬਿੰਦਪੁਰਾ ਵਿਚ ਸਾਬਕਾ ਸਰਪੰਚ ਨਰਿੰਜਣ ਸਿੰਘ ਦੇ ਘਰ ਗੁਰਵਿੰਦਰ ਸਿੰਘ ਗੋਬਿੰਦਪੁਰਾ ਨੂੰ ਪਾਰਟੀ ਵਿਚ ਸ਼ਾਮਲ ਕਰਨ ਤੇ ਸ਼੍ਰੋਮਣੀ ਕਮੇਟੀ ਚੋਣਾਂ ਦੇ ਸਬੰਧ ਵਿੱਚ ਵਰਕਰਾਂ ਨਾਲ ਤਾਲਮੇਲ ਕਰਨ ਲਈ ਪਹੁੰਚੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕੀਤਾ।

ਉਨ੍ਹਾਂ ਕਿਹਾ ਕਿ ਡੈਮੋਕੇਟਿਕ ਦਲ ਦੇ ਜਥੇ ਆਉਂਦੇ ਦਿਨਾਂ ਵਿਚ ਕਿਸਾਨਾਂ ਦੀ ਹਮਾਇਤ ਲਈ ਦਿੱਲੀ ਜਾਣਗੇ। ਬੀਬੀ ਜਗੀਰ ਕੌਰ ਨੂੰ ਸ੍ਰੋਮਣੀ ਕਮੇਟੀ ਦੇ ਪ੍ਰਧਾਨ ਬਣਾਏ ਜਾਣ ਤੇ ਟਿੱਪਣੀ ਕਰਦਿਆਂ ਢੀਂਡਸਾ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੂੰ ਪੰਥ ਹਿਤੈਸ਼ੀ ਨਹੀਂ ਬਲਕਿ ਚਾਪਲੂਸਾਂ ਦੀ ਲੋੜ ਹੈ, ਜੋ ਐਸਜੀਪੀਸੀ ਪ੍ਰਬੰਧਾਂ ਵਿੱਚ ਸੁਧਾਰ ਲਿਆਉਣ ਦੀ ਬਜਾਏ ਉਸ ਦੇ ਚਾਪਲੂਸ ਬਣ ਕੇ ਰਹਿਣ। ਉਨ੍ਹਾਂ ਕਿਹਾ ਕਿ ਨਾ ਪ੍ਰਕਾਸ਼ ਸਿੰਘ ਬਾਦਲ ਤੇ ਨਾ ਸੁਖਬੀਰ ਬਾਦਲ ਪੰਥਕ ਸਨ ਤੇ ਨਾ ਹੋਣਗੇ।

ਉਨ੍ਹਾਂ ਕਿਹਾ ਕਿ ਕਿਸਾਨੀ ਦੇ ਹੱਕ ਵਿਚ ਖੜਨ ਦੀ ਬਜਾਏ ਅਕਾਲੀ ਦਲ ਬਾਦਲ ਨੇ ਡਰਾਮੇਬਾਜ਼ੀ ਕੀਤੀ ਹੈ ਤੇ ਹੁਣ ਚੁੱਪ ਵੱਟ ਕੇ ਇਹ ਸਾਬਿਤ ਕਰ ਦਿੱਤਾ ਹੈ ਕਿ ਕਿਸਾਨੀ ਨਾਲ ਅਕਾਲੀ ਦਲ ਬਾਦਲ ਨੂੰ ਕੋਈ ਸਰੋਕਾਰ ਨਹੀਂ। ਉਨ੍ਹਾਂ ਨੇ ਇਸ ਮੌਕੇ ਪਾਰਟੀ ਵਰਕਰਾਂ ਨੂੰ ਸਨਮਾਨਤ ਕੀਤਾ।

ਇਸ ਮੌਕੇ ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਔਲਖ, ਸ਼੍ਰੋਮਣੀ ਕਮੇਟੀ ਮੈਂਬਰ ਮਿੱਠੂ ਸਿੰਘ ਕਾਹਨੇਕੇ, ਧਰਮ ਪ੍ਰਚਾਰ ਕਮੇਟੀ ਮੈਂਬਰ ਮਨਜੀਤ ਸਿੰਘ ਬੱਪੀਆਣਾ, ਰਾਮਪਾਲ ਸਿੰਘ ਬਹਿਣੀਵਾਲ, ਗੁਰਵਿੰਦਰ ਸਿੰਘ ਪਟਵਾਰੀ ਗੋਬਿੰਦਪੁਰਾ, ਸੁਖਵੰਤ ਸਿੰਘ ਸਰਾਓਂ, ਅਮਨਵੀਰ ਸਿੰਘ ਚੈਰੀ, ਭੋਲਾ ਸਿੰਘ ਕਾਹਨਗੜ੍ਹ, ਦਰਸ਼ਨ ਸਿੰਘ ਲਖਮੀਰਵਾਲਾ, ਹਰਬੰਸ ਸਿੰਘ ਬਰੇਟਾ, ਹਰਮੇਸ਼ ਮੰਡੇਰ, ਜਸਵਿੰਦਰ ਸਿੰਘ, ਸੋਹਣਾ ਸਿੰਘ, ਗੁਰਸੇਵਕ ਸਿੰਘ, ਜਗਵਿੰਦਰ ਸਿੰਘ, ਸੁਖਪਾਲ ਸਿੰਘ, ਅਮ੍ਰਿੰਤਪਾਲ ਸਿੰਘ ਆਦਿ ਹਾਜ਼ਰ ਸਨ।