ਬਲਜਿੰਦਰ ਬਾਵਾ, ਜੋਗਾ : ਪਿੰਡ ਰੱਲਾ ਵਿਖੇ ਪਿੰਡ ਵਿਚ ਬਣੇ ਡੇਰਾ ਬਾਬਾ ਮਸਤ ਰਾਮ ਵਿਚ ਡੇਰਾ ਮੁਖੀ ਗੋਪਾਲ ਦਾਸ ਵੱਲੋਂ ਆਪਣੇ ਕਰੀਬੀ ਨੂੰ ਡੇਰੇ ਦੀ ਗੱਦੀ ਦੇਣ ਅਤੇ ਮਹੰਤ ਸੁਰਮੁੱਖ ਦਾਸ ਨੂੰ ਡੇਰੇ 'ਚੋਂ ਬਾਹਰ ਕੱਢਣ ਨੂੰ ਲੈ ਕੇ ਪਿੰਡ ਵਾਸੀਆਂ ਵੱਲੋਂ ਰੋਸ ਵਜੋਂ ਡੇਰੇ ਅੱਗੇ ਧਰਨਾ ਦਿੱਤਾ ਜਾ ਰਿਹਾ ਹੈ। ਇਸ ਵਿਵਾਦ ਨੂੰ ਲੈ ਕੇ ਪਿੰਡ ਵਾਸੀ ਤੇ ਡੇਰਾ ਮੁਖੀ ਆਹਮੋ ਸਾਹਮਣੇ ਹੋ ਗਏ ਹਨ। ਪੁਲਿਸ ਵੱਲੋਂ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਪਿੰਡ ਨੂੰ ਸਾਉਣੀ ਵਿੱਚ ਤਬਦੀਲ ਕਰ ਦਿੱਤਾ ਹੈ। ਦਿਨੋ-ਦਿਨ ਵਧ ਰਹੇ ਵਿਵਾਦ ਨੂੰ ਖ਼ਤਮ ਕਰਨ ਲਈ ਬੁੱਧਵਾਰ ਨੂੰ ਬਾਹਰੋਂ ਆਈਆਂ ਸੰਤ ਸਮਾਜ ਮੰਡਲੀਆਂ ਵੱਲੋਂ ਕੀਤੀਆਂ ਕੋਸ਼ਿਸ਼ਾਂ ਦੇ ਬਾਵਜੂਦ ਵੀ ਫ਼ੈਸਲਾ ਨੇਪਰੇ ਨਾ ਚੜ੍ਹ ਸਕਿਆ।

ਪਿੰਡ ਵਾਸੀ ਤੇ ਯੂਥ ਆਗੂ ਰੁਪਿੰਦਰ ਸਿੰਘ ਲਾਲੀ ਦਾ ਕਹਿਣਾ ਹੈ ਪਿਛਲੇ ਲੰਬੇ ਸਮੇਂ ਤੋਂ ਡੇਰਾ ਮੁਖੀ ਦੀ ਅਗਲੀ ਗੱਦੀ ਦੇਣ ਨੂੰ ਲੈ ਕੇ ਵਿਵਾਦ ਚੱਲਦਾ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਡੇਰੇ 'ਚ ਪਿੰਡ ਦੇ ਜੰਮਪਲ ਪਿਛਲੇ ਲੱਗਭੱਗ 40 ਸਾਲਾਂ ਤੋਂ ਮਹੰਤ ਸੁਰਮੁੱਖ ਦਾਸ ਡੇਰੇ ਦੀ ਤਨ-ਮਨ ਨਾਲ ਸੇਵਾ ਕਰਦੇ ਆ ਰਹੇ ਹਨ, ਪਰ ਡੇਰਾ ਮੁਖੀ ਗੋਪਾਲ ਦਾਸ ਆਪਣੀ ਮਨ-ਮਰਜ਼ੀ ਨਾਲ ਪਿੰਡ ਵਾਸੀਆਂ ਦਾ ਸਾਂਝਾ ਧਾਰਮਿਕ ਸਥਾਨ ਹੋਣ ਕਰਕੇ ਨਗਰ ਦੀ ਸਹਿਮਤੀ ਤੋਂ ਬਿਨਾਂ ਮਹੰਤ ਸੁਰਮੁੱਖ ਦਾਸ ਨੂੰ ਡੇਰੇ 'ਚੋਂ ਬਾਹਰ ਕੱਢ ਕੇ ਆਪਣੇ ਕਰੀਬੀ ਬਾਹਰੋਂ ਲਿਆਂਦੇ ਨੌਜਵਾਨ ਮਹੰਤ ਨੂੰ ਡੇਰੇ ਦੀ ਗੱਦੀ 'ਤੇ ਬਿਠਾਉਣਾ ਚਾਹੁੰਦੇ ਹਨ। ਜਿਸ ਦਾ ਪਿੰਡ ਵਾਸੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ 'ਚ ਮਹੰਤ ਸੁਰਮੁੱਖ ਦਾਸ ਨੂੰ ਅਗਲੀ ਗੱਦੀ ਦੇਣ ਦਾ ਲਿਖਤੀ ਸਮਝੌਤਾ ਹੋਇਆ ਸੀ, ਜਿਸ 'ਤੇ ਡੇਰਾ ਮੁਖੀ ਖਰੇ ਨਹੀਂ ਉੱਤਰੇ, ਪਰ ਹੁਣ ਬੀਤੀ ਕੱਲ੍ਹ ਸੰਤ ਸਮਾਜ ਮੰਡਲੀਆਂ ਵੱਲੋਂ ਗੱਲਬਾਤ ਕਰਨ ਤੋਂ ਬਾਅਦ ਅਗਲੀ ਗੱਦੀ ਮਹੰਤ ਸੁਰਮੁੱਖ ਦਾਸ ਨੂੰ ਦੇਣ ਦੇ ਫ਼ੈਸਲੇ ਤੇ ਸਹਿਮਤੀ ਜਤਾਈ ਗਈ ਸੀ, ਪਰ ਡੇਰਾ ਮੁਖੀ ਉਸ ਸਮੇਂ ਤਾਂ ਰਾਜ਼ੀ ਹੋ ਗਏ ਤੇ ਬਾਅਦ ਰਾਤ ਸਮੇਂ ਉਸ ਫ਼ੈਸਲੇ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਬੀਤੀ ਰਾਤ ਤੋਂ ਮਹੰਤ ਸੁਰਮੁੱਖ ਦਾਸ ਦਾ ਕੋਈ ਪਤਾ ਨਹੀਂ ਲੱਗ ਰਿਹਾ ਹੈ, ਇਸ ਗੱਲ ਨੂੰ ਲੈ ਕੇ ਪਿੰਡ ਵਾਸੀਆਂ ਤੇ ਗ੍ਰਾਮ ਪੰਚਾਇਤ ਨੇ ਪੁਲਿਸ ਤੇ ਉਹਨਾਂ ਨਾਲ ਧੱਕੇਸ਼ਾਹੀ ਕਰਨ ਦੇ ਇਲਜ਼ਾਮ ਵੀ ਲਾਏ। ਯੂਨੀਅਨ ਆਗੂਆਂ ਤੇ ਪਿੰਡ ਵਾਸੀਆਂ ਨੇ 17 ਮੈਂਬਰੀ ਕਮੇਟੀ ਬਣਾਉਣ ਤੇ ਫੈਸਲਾ ਲੈਂਦਿਆਂ ਕਿਹਾ ਜੇਕਰ ਡੇਰੇ ਦੀ ਅਗਲੀ ਗੱਦੀ ਮਹੰਤ ਸੁਰਮੁਖ ਦਾਸ ਨੂੰ ਨਾ ਦੇਣ ਦਾ ਫ਼ੈਸਲਾ ਲਿਆ ਗਿਆ ਤਾਂ ਉਹ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਸੰਘਰਸ਼ ਕਰਦੇ ਸਮੇਂ ਜੇ ਕੋਈ ਘਟਨਾ ਵਾਪਰਦੀ ਹੈ, ਤਾਂ ਉਸਦੀ ਜ਼ੁੰਮੇਵਾਰੀ ਸਰਕਾਰ ਤੇ ਪ੍ਰਸ਼ਾਸਨ ਦੀ ਹੋਵੇਗੀ। ਉੱਧਰ ਇਸ ਵਿਵਾਦ ਨੂੰ ਲੈ ਕੇ ਦਿੱਤੇ ਜਾ ਰੋਸ ਧਰਨੇ 'ਤੇ ਪਿੰਡ ਵਾਸੀਆਂ ਤੇ ਕਿਸਾਨ ਯੂਨੀਅਨ ਡਕੌਂਦਾ ਗੁੱਟ ਦੇ ਵਰਕਰਾਂ ਤੇ ਜੋਗਾ ਪੁਲਿਸ ਵੱਲੋਂ ਮਾਮਲਾ ਦਰਜ ਕਰ ਕੇ ਕੁਝ ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਗਿਆ ਸੀ। ਜਿਸ ਦਾ ਜਥੇਬੰਦੀਆਂ ਵੱਲੋਂ ਵਿਰੋਧ ਕਰਨ ਤੋਂ ਬਾਅਦ ਉਨ੍ਹਾਂ ਨੂੰ ਛੱਡ ਦਿੱਤਾ ਗਿਆ।

----------

ਡੇਰੇ ਦੀ ਗੱਦੀ ਸਬੰਧੀ ਅਦਾਲਤ 'ਚ ਚੱਲ ਰਿਹਾ ਮਾਮਲਾ : ਡੀਐੱਸਪੀ

-ਇਸ ਸਬੰਧੀ ਡੀਐੱਸਪੀ ਮਾਨਸਾ ਹਰਜਿੰਦਰ ਸਿੰਘ ਗਿੱਲ ਨੇ ਕਿਹਾ ਕਿ ਪੁਲਿਸ ਕਾਨੂੰਨ ਮੁਤਾਬਕ ਆਪਣਾ ਕੰਮ ਕਰ ਰਹੀ ਹੈ, ਡੇਰੇ ਦੀ ਗੱਦੀ ਸਬੰਧੀ ਫ਼ੈਸਲਾ ਮਾਣਯੋਗ ਅਦਾਲਤ 'ਚ ਚੱਲ ਰਿਹਾ ਹੈ, ਇਸ ਸਬੰਧੀ ਜੋ ਫ਼ੈਸਲਾ ਕਰਨਾ ਹੈ, ਉਹ ਅਦਾਲਤ ਹੀ ਕਰੇਗੀ।

-------

ਲਾਏ ਗਏ ਦੋਸ਼ ਬੇਬੁਨਿਆਦ : ਡੇਰਾ ਮੁਖੀ ਗੋਪਾਲ ਦਾਸ

-ਇਸ ਸਬੰਧੀ ਡੇਰਾ ਮੁਖੀ ਗੋਪਾਲ ਦਾਸ ਦਾ ਕਹਿਣਾ ਹੈ ਕਿਹਾ ਉਨ੍ਹਾਂ ਦੇ ਲਗਾਏ ਜਾ ਰਹੇ ਦੋਸ਼ ਬੇਬੁਨਿਆਦ ਹਨ, ਜੋ ਸਚਾਈ ਹੈ, ਜਲਦ ਸਾਰਿਆਂ ਸਾਹਮਣੇ ਪੇਸ਼ ਕਰ ਦਿੱਤੀ ਜਾਵੇਗੀ।