ਪਿ੍ਰਤਪਾਲ ਸਿੰਘ, ਮਾਨਸਾ : ਸਾਈਕਲ ਰਾਈਡ ਬਠਿੰਡਾ ਸਾਈਕਲ ਗਰੁੱਪ ਵੱਲੋਂ ਕਰਵਾਏ ਗਏ ਰਾਈਡ ਸੀਜ਼ਨ 'ਚ ਮਾਨਸਾ ਦੇ 13 ਸਾਈਕਲਿਸਟਾਂ ਨੇ ਭਾਗ ਲਿਆ ਅਤੇ ਨਿਸ਼ਚਿਤ 13 ਘੰਟਿਆਂ ਦੇ ਸਮੇਂ ਅੰਦਰ 250 ਕਿਲੋਮੀਟਰ ਸਫਰ ਤੈਅ ਕਰਕੇ ਸਫਲਤਾ ਹਾਸਲ ਕੀਤੀ। ਨਗਰ ਕੌਂਸਲ ਮਾਨਸਾ ਦੇ ਸਾਬਕਾ ਪ੍ਰਧਾਨ ਬਲਵਿੰਦਰ ਸਿੰਘ ਕਾਕਾ ਦੀ ਅਗਵਾਈ ਹੇਠ ਮਾਨਸਾ ਦੇ 13 ਸਾਈਕਲਿਸਟਾਂ ਨੇ ਰਾਈਡ ਬਠਿੰਡਾ ਸਾਈਕਲ ਗਰੁੱਪ ਵੱਲੋਂ ਕਰਵਾਏ ਗਏ ਇਨਕਲਾਬ ਰਾਈਡ ਸੀਜ਼ਨ- 2 ਵਿਚ ਭਾਗ ਲਿਆ ਅਤੇ ਨਿਰਧਾਰਤ ਸਮੇਂ ਅੰਦਰ ਸਫਰ ਮੁਕੰਮਲ ਕਰਕੇ ਕਾਮਯਾਬੀ ਹਾਸਲ ਕੀਤੀ। ਸਾਈਕਲ ਰਾਈਡ ਬਠਿੰਡਾ ਤੋਂ ਸ਼ੁਰੂ ਹੋ ਕੇ ਕੋਟ ਕਪੂਰਾ, ਮੁੱਦਕੀ ਅਤੇ ਫਿਰੋਜ਼ਪੁਰ ਤੋਂ ਹੁਸੈਨੀਵਾਲਾ ਬਾਰਡਰ ਹੁੰਦੇ ਹੋਏ ਵਾਪਸ ਬਠਿੰਡਾ ਪਹੁੰਚ ਕੇ ਸਮਾਪਤ ਹੋਈ। 250 ਕਿਲੋਮੀਟਰ ਦਾ ਸਫਰ ਮੁਕੰਮਲ ਕਰਨ ਲਈ 13 ਘੰਟਿਆਂ ਦਾ ਸਮਾਂ ਨਿਰਧਾਰਤ ਕੀਤਾ ਗਿਆ ਸੀ । ਜਿਸ ਨੂੰ ਮਾਨਸਾ ਦੇ 13 ਸਾਈਕਲਿਸਟਾਂ ਨੇ ਪੂਰੀ ਸਫਲਤਾ ਨਾਲ ਮੁਕੰਮਲ ਕਰ ਲਿਆ। ਨਗਰ ਕੌਂਸਲ ਮਾਨਸਾ ਦੇ ਸਾਬਕਾ ਪ੍ਰਧਾਨ ਬਲਵਿੰਦਰ ਸਿੰਘ ਕਾਕਾ ਨੇ ਦੱਸਿਆ ਕਿ ਸਾਈਕਲ ਰਾਈਡ ਬਠਿੰਡਾ ਤੋਂ ਸਵੇਰੇ 6 ਵਜੇ ਸ਼ੁਰੂ ਹੋਈ। ਰਸਤੇ ਵਿਚ ਸਾਈਕਲਿਸਟਾਂ ਨੇ ਮੁੱਦਕੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ, ਬਰਗਾੜੀ ਵਿਖੇ ਚਾਹ ਪਾਣੀ ਪੀਤਾ ਅਤੇ ਹੁਸੈਨੀਵਾਲਾ ਬਾਰਡਰ 'ਤੇ ਪਹੁੰਚ ਕੇ ਦੇਸ਼ ਦੇ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਦੇੇਣ ਤੋਂ ਬਾਅਦ ਦੁਪਹਿਰ ਦਾ ਖਾਣਾ ਖਾਧਾ ਅਤੇ ਇਸੇ ਰਸਤੇ ਰਾਹੀਂ ਹੁੰਦੇ ਹੋਏ ਸ਼ਾਮ ਨੂੰ 7 ਵਜੇ ਵਾਪਸ ਬਠਿੰਡਾ ਪਹੁੰਚੇ। ਉਕਤ ਸਫਰ ਤੈਅ ਕਰਕੇ ਬਠਿੰਡਾ ਪਹੁੰਚੇ ਸਾਰੇ ਸਾਈਕਲਿਸਟਾਂ ਦਾ ਬਠਿੰਡਾ ਸਾਈਕਲ ਗਰੁੱਪ ਵੱਲੋਂ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨ ਕੀਤਾ ਗਿਆ।

ਮਾਨਸਾ ਸਾਈਕਲ ਗਰੁੱਪ ਦੇ ਆਗੂ ਬਲਵਿੰਦਰ ਸਿੰਘ ਕਾਕਾ ਨੇ ਦੱਸਿਆ ਕਿ ਉਹ ਆਪਣੀ ਸਾਰੀ ਟੀਮ ਸਮੇਤ ਹਰ ਰੋਜ਼ ਸਵੇਰੇ ਦੋ ਘੰਟੇ ਸਾਈਕਲ ਚਲਾਉਣ ਦਾ ਅਭਿਆਸ ਕਰਦੇ ਹਨ ਅਤੇ ਰੋਜ਼ਾਨਾ 50 ਕਿਲੋਮੀਟਰ ਤੋਂ ਵੱਧ ਦਾ ਸਫਰ ਤੈਅ ਕਰਦੇ ਹਨ। ਉਨ੍ਹਾਂ ਹੋਰਨਾਂ ਸ਼ਹਿਰੀਆਂ ਨੂੰ ਵੀ ਮਾਨਸਾ ਸਾਈਕਲ ਗਰੁੱਪ ਨਾਲ ਜੁੜਨ ਦਾ ਸੱਦਾ ਦਿੱਤਾ। ਉਕਤ ਅਨੁਸਾਰ ਸਾਈਕਲ ਰਾਈਡ ਵਿੱਚ ਗੁਰਵਿੰਦਰ ਸਿੰਘ ਧਾਲੀਵਾਲ, ਹਰਜੀਤ ਸਿੰਘ, ਅਮਨ ਅੌਲਖ, ਯਾਦਵਿੰਦਰ ਸਿੰਘ, ਸ਼ਵੀ ਚਹਿਲ, ਰਾਜਵੀਰ ਸਿੰਘ ਮਾਨਸ਼ਾਹੀਆ, ਪੁਸ਼ਪਿੰਦਰ ਖੁਰਮੀ, ਜਸਵਿੰਦਰ ਬਿੱਲਾ, ਸੰਜੀਵ, ਕੇ.ਐਸ., ਅਵਤਾਰਜੀਤ ਸਿੰਘ ਅਤੇ ਹਰਜਿੰਦਰ ਸਿੰਘ ਅਨੂਪਗੜ੍ਹ ਨੇ ਭਾਗ ਲਿਆ।